ਸ੍ਰੀਨਗਰ, 27 ਅਗਸਤ
ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲ੍ਹਾ ਤੇ ਉਮਰ ਅਬਦੁੱਲ੍ਹਾ ਨੇ ਅੱਜ ਕਿਹਾ ਕਿ ਕਾਂਗਰਸ ਨਾਲ ਸੀਟ ਵੰਡ ਦਾ ਸਮਝੌਤਾ ਭਾਜਪਾ ਨਾਲ ਇਕਜੁੱਟ ਹੋ ਕੇ ਮੁਕਾਬਲਾ ਕਰਨ ਤੇ ਅਜਿਹੀ ਸਰਕਾਰ ਬਣਾਉਣ ਦੇ ਮਕਸਦ ਨਾਲ ਕੀਤਾ ਗਿਆ ਹੈ ਜੋ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰੇਗੀ। ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਵੱਲੋਂ ਕ੍ਰਮਵਾਰ 51 ਤੇ 32 ਸੀਟਾਂ ’ਤੇ ਚੋਣ ਲੜਨ ’ਤੇ ਸਹਿਮਤੀ ਜਤਾਏ ਜਾਣ ਤੋਂ ਇੱਕ ਦਿਨ ਬਾਅਦ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਗੱਠਜੋੜ ’ਚ ਪਾਰਟੀਆਂ ਨੂੰ ਇੱਕ-ਦੂਜੇ ਨਾਲ ਤਾਲਮੇਲ ਕਰਨਾ ਹੁੰਦਾ ਹੈ।
ਉਨ੍ਹਾਂ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੁਰਾ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਗੱਠਜੋੜ ’ਚ ਕਈ ਚੀਜ਼ਾਂ ਸਹਿਣ ਕਰਨੀਆਂ ਪੈਂਦੀਆਂ ਹਨ। ਕੁਝ (ਸੀਟਾਂ) ਪਾਉਣ ਲਈ ਤੁਹਾਨੂੰ ਕੁਝ (ਸੀਟਾਂ) ਨੂੰ ਛੱਡਣਾ ਪੈਂਦਾ ਹੈ। ਸਾਡਾ ਮੰਨਣਾ ਹੈ ਕਿ ਗੱਠਜੋੜ ਵੱਲੋਂ ਲਿਆ ਗਿਆ ਆਖਰੀ ਫ਼ੈਸਲਾ ਬਹੁਤ ਚੰਗਾ ਸੀ। ਰੱਬ ਨੇ ਚਾਹਿਆ ਤਾਂ ਗੱਠਜੋੜ ਸਫ਼ਲ ਹੋਵੇਗਾ ਤੇ ਇੱਥੇ ਸਰਕਾਰ ਬਣਾਏਗਾ ਜੋ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੀ ਕੋਸ਼ਿਸ਼ ਕਰੇਗੀ।’ ਪੰਪੋਰ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ਉਮੀਦਵਾਰ ਤੇ ਸਾਬਕਾ ਸੰਸਦ ਮੈਂਬਰ ਜਸਟਿਸ (ਸੇਵਾਮੁਕਤ) ਹਸਨੈਨ ਮਸੂਦੀ ਦੇ ਕਾਗਜ਼ ਦਾਖਲ ਕਰਨ ਮੌਕੇ ਹਾਜ਼ਰ ਫਾਰੂਕ ਨੇ ਕਿਹਾ, ‘ਜੇਕਰ ਸਾਡੇ ਇਰਾਦੇ ਨੇਕ ਹਨ ਤਾਂ ਅਸੀਂ ਕਾਮਯਾਬ ਹੋਵਾਂਗੇ।’ -ਪੀਟੀਆਈ
ਗੰਦਰਬਲ ਤੋਂ ਵਿਧਾਨ ਸਭਾ ਚੋਣ ਲੜਨਗੇ ਉਮਰ ਅਬਦੁੱਲਾ
ਸ੍ਰੀਨਗਰ:
ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਗੰਦਰਬਲ ਵਿਧਾਨ ਸਭਾ ਹਲਕੇ ਤੋਂ ਲੜਨਗੇ। ਪਾਰਟੀ ਨੇ 32 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਗੰਦਰਬਲ ਵਿਧਾਨ ਸਭਾ ਸੀਟ ਲਈ ਉਮਰ ਅਬਦੁੱਲ੍ਹਾ ਦਾ ਨਾਂ ਵੀ ਸ਼ਾਮਲ ਹੈ। ਅਬਦੁੱਲਾ ਇਸ ਚੋਣ ਤੋਂ 2009 ਤੋਂ 2014 ਤੱਕ ਵਿਧਾਨ ਸਭਾ ’ਚ ਨੁਮਾਇੰਦਗੀ ਕਰ ਚੁੱਕੇ ਹਨ। -ਪੀਟੀਆਈ