ਨਵੀਂ ਦਿੱਲੀ, 31 ਜੁਲਾਈ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੇਂਦਰੀ ਬਜਟ ਵਿਚ ਸਾਰੇ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ਵਿਕਾਸ, ਰੁਜ਼ਗਾਰ ਤੇ ਵਿੱਤੀ ਏਕੀਕਰਨ ਵਿਚਾਲੇ ਉੱਤਮ ਤਵਾਜ਼ਨ ਬਿਠਾਉਂਦਾ ਹੈ ਤੇ ਸਹਿਕਾਰੀ ਸੰਘਵਾਦ ਦਾ ਪ੍ਰਚਾਰ ਪਾਸਾਰ ਕਰਦਾ ਹੈ। ਸੀਤਾਰਮਨ ਰਾਜ ਸਭਾ ਵਿਚ ਕੇਂਦਰੀ ਬਜਟ 2024-25 ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਲਈ ਪੇਸ਼ ਬਜਟ ’ਤੇ ਹੋਈ ਬਹਿਸ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਵਿੱਤੀ ਸਾਲ 2025-26 ਤੱਕ ਵਿੱਤੀ ਘਾਟੇ ਨੂੰ 4.5 ਫੀਸਦ ਤੱਕ ਰੱਖਣ ਦੇ ਟੀਚੇ ਨੂੰ ਪੂਰਾ ਕਰਨ ਲਈ ਸਹੀ ਦਿਸ਼ਾ ਵਿਚ ਅੱਗੇ ਵਧ ਰਹੀ ਹੈ। ਇਸ ਦੌਰਾਨ ਲੋਕ ਸਭਾ ਵਿਚ ਅੱਜ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਦੇਸ਼ ਵਿਚ ਰੇਲ ਹਾਦਸਿਆਂ ਦੀ ਗਿਣਤੀ ਵਧਣ ਬਾਰੇ ਫ਼ਿਕਰ ਜਤਾਇਆ ਜਦੋਂਕਿ ਸੱਤਾਧਾਰੀ ਧਿਰ ਦੇ ਮੈਂਬਰਾਂ ਨੇ ਸਰਕਾਰ ਵੱਲੋਂ ਰੇਲਵੇ ਨੈੱਟਵਰਕ ਦੇ ਵਿਸਤਾਰ ਨੂੰ ਲੈ ਕੇ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। -ਪੀਟੀਆਈ
90 ਸਾਲ ਪੁਰਾਣਾ ਏਅਰਕ੍ਰਾਫਟ ਐਕਟ ਬਦਲਣ ਲਈ ਬਿੱਲ ਪੇਸ਼
ਨਵੀਂ ਦਿੱਲੀ:
ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮ ਮੋਹਨ ਨਾਇਡੂ ਨੇ ਅੱਜ ਲੋਕ ਸਭਾ ਵਿਚ ਭਾਰਤੀ ਵਾਯੂਯਾਨ ਬਿਲ ਪੇਸ਼ ਕੀਤਾ, ਜੋ 90 ਸਾਲ ਪੁਰਾਣੇ ਏਅਰਕ੍ਰਾਫਟ ਐਕਟ ਦੀ ਥਾਂ ਲਏਗਾ। ਇਸ ਬਿੱਲ ਦਾ ਮੁੱਖ ਮੰਤਵ ਭਾਰਤੀ ਸਿਵਲ ਏਵੀਏਸ਼ਨ ਸਬੰਧੀ ਨਿਯਮਾਂ ਦੀ ਕਾਇਆਕਲਪ ਕਰਨਾ ਹੈ। -ਪੀਟੀਆਈ