ਨਵੀਂ ਦਿੱਲੀ, 16 ਸਤੰਬਰ
ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਦੇ ਸੀਨੀਅਰ ਡਾਕਟਰਾਂ ਨੇ ਅੱਜ ਜਬਰ-ਜਨਾਹ ਅਤੇ ਹੱਤਿਆ ਮਾਮਲੇ ਵਿੱਚ ਸਬੂਤਾਂ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ ਹੈ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾਕਟਰ ਨੇ ਕਿਹਾ, ‘ਅਸੀਂ ਅਜਿਹੇ ਸਾਰੇ ਘਿਨਾਉਣੇ ਅਪਰਾਧਾਂ ਦੀ ਨਿਖੇਧੀ ਕਰਦੇ ਹਾਂ। ਇਹ ਪੱਛਮੀ ਬੰਗਾਲ ਸਰਕਾਰ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਿਚਾਲੇ ਗੱਠਜੋੜ ਦਾ ਨਤੀਜਾ ਹੈ।’ ਡਾਕਟਰਾਂ ਨੇ ਦੋਸ਼ ਲਾਇਆ ਕਿ ਇਸ ਮਾਮਲੇ ’ਚ ਸਬੂਤਾਂ ਨਾਲ ਛੇੜਛਾੜ ਕੀਤੀ ਗਈ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ, ਕੇਂਦਰੀ ਜਾਂਚ ਬਿਊਰੋ ਤੇ ਸੁਪਰੀਮ ਕੋਰਟ ਤੋਂ ਜਾਂਚ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਬਿਨਾਂ ਕਿਸੇ ਦੇਰੀ ਦੇ ਮੁਲਜ਼ਮਾਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਡਾਇਰੈਕਟਰ ਮੈਡੀਕਲ ਐਜੂਕੇਸ਼ਨ (ਡੀਐਮਈ), ਡਾਇਰੈਕਟਰ ਸਿਹਤ ਸੇਵਾਵਾਂ ਅਤੇ ਸਿਹਤ ਸਕੱਤਰ ਨੂੰ ਵੀ ਮੁਅੱਤਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਹਸਪਤਾਲਾਂ ਅਤੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਸੁਰੱਖਿਆ ਵਧਾਈ ਜਾਣੀ ਚਾਹੀਦੀ ਹੈ। ਡਾਕਟਰਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਅੰਦੋਲਨ ਦਾ ਸਿਆਸੀ ਤੌਰ ’ਤੇ ਸ਼ੋਸ਼ਣ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਪਰ ਇਨ੍ਹਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਗਿਆ। ਉਨ੍ਹਾਂ ਦੇ ਅੰਦੋਲਨ ਨੂੰ ਲੈ ਕੇ ਕਈ ਝੂਠੀਆਂ ਖਬਰਾਂ ਅਤੇ ਅਫਵਾਹਾਂ ਫੈਲਾਈਆਂ ਗਈਆਂ ਹਨ ਪਰ ਉਹ ਹਾਲੇ ਵੀ ਉਸੇ ਤਰ੍ਹਾਂ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਦੇ ਅੰਦੋਲਨ ਨੂੰ ਦਰਪੇਸ਼ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਉਹ ਇਨਸਾਫ ਲਈ ਦ੍ਰਿੜ੍ਹ ਹਨ। -ਪੀਟੀਆਈ