ਨਵੀਂ ਦਿੱਲੀ, 6 ਸਤੰਬਰ
ਦਿੱਲੀ ਕੋਰਟ ਨੇ ਮਨੀ ਲਾਂਡਰਿੰਗ ਕੇਸ ਵਿਚ ‘ਆਪ’ ਵਿਧਾਇਕ ਅਮਾਨਤਉੱਲ੍ਹਾ ਖ਼ਾਨ ਦੀ ਈਡੀ ਹਿਰਾਸਤ ਤਿੰਨ ਦਿਨਾਂ ਲਈ ਵਧਾ ਦਿੱਤੀ ਹੈ। ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਖ਼ਾਨ ਦਾ ਰਿਮਾਂਡ ਵਧਾਉਣ ਸਬੰਧੀ ਫੈਸਲਾ ਕੇਂਦਰੀ ਜਾਂਚ ਏਜੰਸੀ ਦੀ ਅਪੀਲ ’ਤੇ ਕੀਤਾ। ਉਂਜ ਈਡੀ ਨੇ ਖ਼ਾਨ ਦੇ ਰਿਮਾਂਡ ਵਿਚ ਦਸ ਦਿਨਾਂ ਦੇ ਵਾਧੇ ਦੀ ਮੰਗ ਕੀਤੀ ਸੀ। ਜੱਜ ਨੇ ਕਿਹਾ, ‘ਹਿਰਾਸਤ ਤਿੰਨ ਦਿਨ ਲਈ ਵਧਾਈ ਜਾਂਦੀ ਹੈ। ਮੁਲਜ਼ਮ ਨੂੰ 9 ਸਤੰਬਰ ਨੂੰ ਪੇਸ਼ ਕੀਤਾ ਜਾਵੇ।’ ਵਿਧਾਇਕ ਅਮਾਨਤਉੱਲ੍ਹਾ ਖ਼ਾਨ ਨੂੰ ਚਾਰ ਦਿਨਾ ਰਿਮਾਂਡ ਦੀ ਮਿਆਦ ਖ਼ਤਮ ਹੋਣ ਮਗਰੋਂ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਏਜੰਸੀ ਨੇ 2 ਸਤੰਬਰ ਨੂੰ ‘ਆਪ’ ਵਿਧਾਇਕ ਦੀ ਕੌਮੀ ਰਾਜਧਾਨੀ ’ਚ ਓਖਲਾ ਇਲਾਕੇ ਵਿਚਲੀ ਰਿਹਾਇਸ਼ ਦੀ ਤਲਾਸ਼ੀ ਲੈਣ ਮਗਰੋਂ ਖ਼ਾਨ ਨੂੰ ਪੀਐੱਮਐੱਲ ਐਕਟ ਵਿਚਲੀਆਂ ਵਿਵਸਥਾਵਾਂ ਤਹਿਤ ਹਿਰਾਸਤ ਵਿਚ ਲੈ ਲਿਆ ਸੀ। -ਪੀਟੀਆਈ