ਗੁਹਾਟੀ, 19 ਅਗਸਤ
ਇੱਥੇ ਇਕ ਪੌਸ਼ ਸ਼ਾਪਿੰਗ ਮਾਲ ਦੇ ਅਧਿਕਾਰੀਆਂ ਨੂੰ ਇਕ ਅਣਪਛਾਤੀ ਸੰਸਥਾ ਵੱਲੋਂ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਇਸ ਮਾਲ ਨੂੰ ਖਾਲੀ ਕਰਵਾਉਣਾ ਪਿਆ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਸੂਬਾਈ ਸਕੱਤਰੇਤ ਨੇੜੇ ਸਥਿਤ ‘ਦਿ ਸਿਟੀ ਸੈਂਟਰ ਮਾਲ’ ਨੂੰ ਸ਼ਾਮ ਕਰੀਬ 4 ਵਜੇ ਖਾਲੀ ਕਰਵਾਇਆ ਗਿਆ। ਪਹਿਲਾਂ ਮਾਲ ਦੇ ਅਧਿਕਾਰੀਆਂ ਵੱਲੋਂ ਮਾਲ ਨੂੰ ਅਚਾਨਕ ਬੰਦ ਕਰਨ ਪਿੱਛੇ ‘ਤਕਨੀਕੀ ਕਾਰਨਾਂ’ ਦਾ ਹਵਾਲਾ ਦਿੱਤਾ ਜਾ ਰਿਹਾ ਸੀ। ਅਸਾਮ ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਾਲ ਦੇ ਅਧਿਕਾਰੀਆਂ ਨੂੰ ਇਕ ਈਮੇਲ ਪ੍ਰਾਪਤ ਹੋਈ ਸੀ ਜਿਸ ਵਿੱਚ ਮਾਲ ’ਚ ਬੰਬ ਹੋਣ ਦੀ ਗੱਲ ਆਖੀ ਗਈ ਸੀ। ਉਨ੍ਹਾਂ ਕਿਹਾ, ‘‘ਇਹ ਈਮੇਲ ਭਾਰਤ ਵਿੱਚ 75 ਥਾਵਾਂ ’ਤੇ ਭੇਜੀ ਗਈ ਸੀ। ਸਾਨੂੰ ਪਤਾ ਲੱਗਾ ਹੈ ਕਿ ਇਹ ਈਮੇਲ ਕੁੱਲ 75 ਈਮੇਲ ਆਈਡੀਜ਼ ’ਤੇ ਭੇਜੀ ਗਈ। ਇਸ ਵਿੱਚ ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ।’’ ਉਨ੍ਹਾਂ ਕਿਹਾ, ‘‘ਅਸੀਂ ਇਸ ਧਮਕੀ ਨੂੰ ਹਲਕੇ ਵਿੱਚ ਨਹੀਂ ਸੀ ਲੈ ਸਕਦੇ, ਇਸ ਵਾਸਤੇ ਤੁਰੰਤ ਮਾਲ ਖਾਲੀ ਕਰਵਾਇਆ ਗਿਆ। ਬੰਬ ਨਿਰੋਧਕ ਦਸਤੇ ਅਤੇ ਸੂਹੀਆ ਕੁੱਤਿਆਂ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਜਾਰੀ ਹੈ। ਹੁਣ ਤੱਕ ਕੁਝ ਪਤਾ ਨਹੀਂ ਲੱਗਾ ਹੈ।’’ ਪਾਬੰਦੀਸ਼ੁਦਾ ਜਥੇਬੰਦੀ ਯੂਐੱਲਐੱਫਏ (ਆਈ) ਵੱਲੋਂ ਗੁਹਾਟੀ ਵਿੱਚ ਵੱਖ-ਵੱਖ ਥਾਵਾਂ ਸਣੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਬੰਬ ਬੀੜਨ ਦੀ ਧਮਕੀ ਦਿੱਤੇ ਜਾਣ ਤੋਂ ਚਾਰ ਦਿਨਾਂ ਬਾਅਦ ਇਹ ਘਟਨਾ ਵਾਪਰੀ ਹੈ। ਪਿਛਲੇ ਦੋ ਦਿਨਾਂ ਵਿੱਚ ਸੂਬੇ ’ਚ ਬੰਬ ਵਰਗੀਆਂ ਦਸ ਵਸਤਾਂ ਬਰਾਮਦ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਚਾਰ ਤਾਂ ਗੁਹਾਟੀ ’ਚੋਂ ਹੀ ਬਰਾਦਮ ਕੀਤੀਆਂ ਗਈਆਂ ਹਨ। ਅਧਿਕਾਰੀ ਨੇ ਕਿਹਾ ਕਿ ਅੱਜ ਪ੍ਰਾਪਤ ਹੋਈ ਧਮਕੀ ਵਾਲੀ ਇਹ ਈਮੇਲ ‘ਕੇਐੱਨਆਰ’ ਨਾਮ ਦੀ ਕਿਸੇ ਅਣਪਛਾਤੀ ਜਥੇਬੰਦੀ ਨੇ ਭੇਜੀ ਸੀ। -ਪੀਟੀਆਈ