ਮਧੂਬਨੀ, 11 ਨਵੰਬਰ
ਬਿਹਾਰ ਦੇ ਮਧੂਬਨੀ ਜ਼ਿਲ੍ਹੇ ’ਚ ਔਰਤ ਸਣੇ ਦੋ ਅਮਰੀਕੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਯਾਤਰਾ ਲਈ ਪ੍ਰਮਾਣਿਕ ਦਸਤਾਵੇਜ਼ਾਂ ਤੋਂ ਬਿਨਾਂ ਨੇਪਾਲ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਅੱਜ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਅਮਰੀਕੀ ਨਾਗਰਿਕ ਕੈਲੀਫੋਰਨੀਆ ਨਾਲ ਸਬੰਧਤ ਹਨ। ਪੁਲੀਸ ਨੇ ਇਸ ਮਾਮਲੇ ’ਚ ਦੋ ਸਥਾਨਕ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ’ਤੇ ਦੋਵਾਂ ਅਮਰੀਕੀ ਨਾਗਰਿਕਾਂ ਦੀ ਭਾਰਤ-ਨੇਪਾਲ ਸਰਹੱਦ ਨੇੜੇ ਜੈਨਗਰ ਇਲਾਕੇ ਵਿੱਚ ਠਹਿਰ ਦੌਰਾਨ ਉਨ੍ਹਾਂ ਦੀ ਮਦਦ ਕਰਨ ਦਾ ਦੋਸ਼ ਹੈ। ਪੁਲੀਸ ਮੁਤਾਬਕ ਸਸ਼ਸ਼ਤਰ ਸੀਮਾ ਬਲ (ਐੱਸਐੱਸਬੀ) ਦੀ 48ਵੀਂ ਬਟਾਲੀਅਨ ਦੇ ਸੁਰੱਖਿਆ ਜਵਾਨਾਂ ਨੇ ਦੋ ਅਮਰੀਕੀਆਂ ਨੂੰ ਜੈਨਗਰ ਥਾਣੇ ਖੇਤਰ ਅਧੀਨ ਪੈਂਦੀ ਬੇਤੌਨਹਾ ਸਰਹੱਦੀ ਚੌਕੀ ਨੇੜੇ ਰੋਕਿਆ ਜਦੋਂ ਸ਼ਨਿਚਰਵਾਰ ਦੁਪਹਿਰ ਵੇਲੇ ਉਹ ਭਾਰਤ ਤੋਂ ਨੇਪਾਲ ਜਾ ਰਹੇ ਸਨ। -ਪੀਟੀਆਈ