ਨਵੀਂ ਦਿੱਲੀ:
‘ਇੰਡੀਆ’ ਗੱਠਜੋੜ ਵੱਲੋਂ ਸੰਸਦ ਦੇ ਮਕਰ ਦੁਆਰ ’ਤੇ ਪ੍ਰਦਰਸ਼ਨ ਕਰਨ ਦਾ ਨੋਟਿਸ ਲੈਂਦਿਆਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਇਹ ਸਹੀ ਨਹੀਂ ਹੈ। ਉਨ੍ਹਾਂ ਮੈਂਬਰਾਂ ਨੂੰ ਸੰਸਦ ਦੇ ਪ੍ਰਵੇਸ਼ ਦੁਆਰ ’ਤੇ ਕੋਈ ਪ੍ਰਦਰਸ਼ਨ ਨਾ ਕਰਨ ’ਤੇ ਬਣੀ ਸਹਿਮਤੀ ਯਾਦ ਕਰਵਾਈ। ਬਿਰਲਾ ਨੇ ਕਿਹਾ ਕਿ ਕਈ ਮੈਂਬਰਾਂ ਖਾਸ ਕਰਕੇ ਮਹਿਲਾਵਾਂ ਨੇ ਉਨ੍ਹਾਂ ਨੂੰ ਪੱਤਰ ਲਿਖਿਆ ਸੀ ਕਿ ਪ੍ਰਦਰਸ਼ਨ ਕਾਰਨ ਰਾਹ ਰੋਕਣ ਕਰਕੇ ਉਨ੍ਹਾਂ ਨੂੰ ਸੰਸਦ ਅੰਦਰ ਦਾਖ਼ਲ ਹੋਣ ’ਚ ਦਿੱਕਤ ਆਈ ਸੀ। ਉਨ੍ਹਾਂ ਕਿਹਾ ਕਿ ਸੰਸਦ ਭਵਨ ਦੇ ਦੁਆਰ ’ਤੇ ਪ੍ਰਦਰਸ਼ਨ ਨਾ ਕਰਨ ਦਾ ਫ਼ੈਸਲਾ ਲਿਆ ਗਿਆ ਸੀ ਅਤੇ ਅੱਜ ਸਵੇਰੇ ਜਦੋਂ ਉਹ ਉਥੋਂ ਨਿਕਲੇ ਤਾਂ ਫਿਰ ਪ੍ਰਦਰਸ਼ਨ ਹੋ ਰਹੇ ਸਨ ਜੋ ਠੀਕ ਨਹੀਂ ਹੈ। ਇਸ ’ਤੇ ਕਾਂਗਰਸ ਮੈਂਬਰ ਮਨਿਕਮ ਟੈਗੋਰ ਅਤੇ ਟੀਐੱਮਸੀ ਮੈਂਬਰ ਕਲਿਆਣ ਬੈਨਰਜੀ ਨੇ ਸਪੀਕਰ ਨੂੰ ਪੁੱਛਿਆ ਕਿ ਫਿਰ ਵਿਰੋਧੀ ਧਿਰ ਕਿਥੇ ਪ੍ਰਦਰਸ਼ਨ ਕਰੇ। -ਪੀਟੀਆਈ