ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਸਤੰਬਰ
ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੇ ਸੰਸਥਾਪਕ ਸਰਦਾਰ ਦਿਆਲ ਸਿੰਘ ਮਜੀਠੀਆ ਦੀ 126ਵੀਂ ਬਰਸੀ ਮੌਕੇ ਅੱਜ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਵੱਲੋਂ ਟ੍ਰਿਬਿਊਨ ਦਫ਼ਤਰ, ਚੰਡੀਗੜ੍ਹ ਵਿਚ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ 100 ਤੋਂ ਵੱਧ ਨੇ ਖੂਨ ਦਾਨ ਕੀਤਾ। ਕੈਂਪ ਦਾ ਉਦਘਾਟਨ ਦਿ ਟ੍ਰਿਬਿਊਨ ਟਰੱਸਟ ਦੇ ਟਰੱਸਟੀ ਸੇਵਾਮੁਕਤ ਜਸਟਿਸ ਐੱਸਐੱਸ ਸੋਢੀ ਅਤੇ ਟਰੱਸਟੀ ਗੁਰਬਚਨ ਸਿੰਘ ਜਗਤ ਨੇ ਕੀਤਾ। ਜਸਟਿਸ ਸੋਢੀ ਨੇ ਖ਼ੂਨਦਾਨ ਨੂੰ ਉੱਤਮ ਦਾਨ ਦੱਸਦਿਆਂ ਸਰਦਾਰ ਦਿਆਲ ਸਿੰਘ ਮਜੀਠੀਆ ਦੀ ਬਰਸੀ ’ਤੇ ਹਰ ਸਾਲ ਯੂਨੀਅਨ ਵੱਲੋਂ ਕਰਵਾਏ ਜਾਂਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖੂਨਦਾਨ ਮਹਾਦਾਨ ਹੈ। ਉਨ੍ਹਾਂ ਖੂਨਦਾਨ ਕਰਨ ਵਾਲਿਆਂ ਦੀ ਸ਼ਲਾਘਾ ਕਰਦਿਆਂ ਹੋਰਨਾਂ ਨੂੰ ਖ਼ੂਨਦਾਨ ਕਰਨ ਲਈ ਅੱਗੇ ਆਉਣ ਲਈ ਪ੍ਰੇਰਿਆ। ਇਸ ਮੌਕੇ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਗੁਪਤਾ ਨੇ ਕਿਹਾ ਕਿ ਯੂਨੀਅਨ ਵੱਲੋਂ 1989 ਤੋਂ ਲੈ ਕੇ ਹੁਣ ਤਕ ਹਰ ਵਰ੍ਹੇ ਸਰਦਾਰ ਦਿਆਲ ਸਿੰਘ ਮਜੀਠੀਆ ਦੀ ਬਰਸੀ ਮੌਕੇ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ। ਇਸ ਮੌਕੇ ਵੱਡੀ ਗਿਣਤੀ ਟ੍ਰਿਬਿਊਨ ਦੇ ਮੁਲਾਜ਼ਮ ਖੂਨਦਾਨ ਕਰਦੇ ਹਨ ਅਤੇ ਸਮਾਜ ਸੇਵਾ ਦੇ ਕਾਰਜ ਵਿੱਚ ਸ਼ਮੂਲੀਅਤ ਕਰਦੇ ਹਨ।
ਇਸ ਮੌਕੇ ਸ੍ਰੀ ਗੁਪਤਾ ਵੱਲੋਂ 59ਵੀਂ ਵਾਰ, ਦਰਸ਼ਨ ਸਿੰਘ ਸੋਢੀ ਵੱਲੋਂ 50ਵੀਂ ਵਾਰ, ਕਮਲ ਕੁਮਾਰ ਵੱਲੋਂ 46ਵੀਂ ਵਾਰ, ਦਪਿੰਦਰ ਸਿੰਘ ਵੱਲੋਂ 38ਵੀਂ ਵਾਰ, ਵਿਪਿਨ ਜੋਸ਼ੀ ਵੱਲੋਂ 38ਵੀਂ ਵਾਰ, ਮਨੀਸ਼ ਮਲਹੋਤਰਾ ਵੱਲੋਂ 37ਵੀਂ ਵਾਰ, ਰੁਚਿਕਾ ਐੱਮ. ਖੰਨਾ ਵੱਲੋਂ 35ਵੀਂ ਅਤੇ ਰਾਜੇਸ਼ ਮਲਿਕ ਵੱਲੋਂ 32ਵੀਂ ਵਾਰ ਖੂਨ ਦਾਨ ਕੀਤਾ ਗਿਆ।
ਇਸ ਮੌਕੇ ਦਿ ਟ੍ਰਿਬਿਊਨ ਦੀ ਮੁੱਖ ਸੰਪਾਦਕ ਜਯੋਤੀ ਮਲਹੋਤਰਾ, ਜਨਰਲ ਮੈਨੇਜਰ ਅਮਿਤ ਸ਼ਰਮਾ, ਦੈਨਿਕ ਟ੍ਰਿਬਿਊਨ ਦੇ ਸੰਪਾਦਕ ਨਰੇਸ਼ ਕੌਸ਼ਲ, ਪੰਜਾਬੀ ਟ੍ਰਿਬਿਊਨ ਦੀ ਕਾਰਜਕਾਰੀ ਸੰਪਾਦਕ ਅਰਵਿੰਦਰ ਜੌਹਲ ਅਤੇ ਦਿ ਟ੍ਰਿਬਿਊਨ ਸਕੂਲ ਦੀ ਪ੍ਰਿੰਸੀਪਲ ਰਾਣੀ ਪੌਦਾਰ ਮੌਜੂਦ ਸਨ। ਇਸ ਮੌਕੇ ਪੀਜੀਆਈ ਦੇ ਡਾ. ਸੁਚੇਤ ਸਚਦੇਵ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਵੱਲੋਂ ਖੂਨ ਇਕੱਤਰ ਕੀਤਾ ਗਿਆ।