ਕੋਲਕਾਤਾ, 11 ਨਵੰਬਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜ਼ਿਮਨੀ ਚੋਣਾਂ ਵਾਲੇ ਛੇ ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੇਜ਼ੀ ਨਾਲ ਵਿਕਾਸ ਯਕੀਨੀ ਬਣਾਉਣ ਲਈ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ। ਇਸ ਸਾਲ ਲੋਕ ਸਭਾ ਚੋਣਾਂ ’ਚ ਛੇ ਵਿਧਾਇਕਾਂ ਦੀ ਜਿੱਤ ਮਗਰੋਂ ਅਸਤੀਫ਼ੇ ਦੇਣ ਨਾਲ ਇਹ ਸੀਟਾਂ ਖਾਲੀਆਂ ਹੋਈਆਂ ਹਨ। ਇਥੇ ਐੱਨਐੱਸਸੀਬੀਆਈ ਹਵਾਈ ਅੱਡੇ ’ਤੇ ਟੀਐੱਮਸੀ ਸੁਪਰੀਮੋ ਨੇ ਕਿਹਾ, ‘‘ਮੈਂ ਛੇ ਹਲਕਿਆਂ ਦੇ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਪੱਛਮੀ ਬੰਗਾਲ ਸਰਕਾਰ ਅਤੇ ਮਾ, ਮਾਟੀ, ਮਾਨੁਸ਼ ਉਨ੍ਹਾਂ ਨਾਲ 365 ਦਿਨ ਹਨ। ਇਸ ਕਰਕੇ ਆਪਣੇ ਇਲਾਕਿਆਂ ਦੇ ਤੇਜ਼ੀ ਨਾਲ ਵਿਕਾਸ ਲਈ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰਾਂ ਨੂੰ ਵੋਟ ਪਾਓ।’’ ਟੀਐੱਮਸੀ ਨੇ ਕੂਚ ਬਿਹਾਰ ਜ਼ਿਲ੍ਹੇ ਦੇ ਸਿਤਾਈ ਤੋਂ ਸੰਗੀਤਾ ਰੌਏ, ਅਲੀਪੁਰਦਾਰ ਦੇ ਮਦਾਰੀਹਾਟ ਤੋਂ ਜਯ ਪ੍ਰਕਾਸ਼ ਟੋਪੋ, ਨਾਇਹਾਟੀ ਤੋਂ ਸਨਤ ਡੇਅ, ਨੌਰਥ 24 ਪਰਗਨਾਂ ਦੇ ਹਰੋਆ ਤੋਂ ਰਬੀਉੱਲ ਇਸਲਾਮ, ਬਾਂਕੁਰਾ ਦੇ ਤਾਲਦਾਂਗਰਾ ਤੋਂ ਫਾਲਗੁਨੀ ਸਿੰਘਬਾਬੂ ਅਤੇ ਮੇਦਨੀਪੁਰ ਤੋਂ ਸੁਜੌਏ ਹਾਜ਼ਰਾ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਸਾਲ 2021 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਟੀਐੱਮਸੀ ਨੇ ਇਨ੍ਹਾਂ ’ਚੋਂ ਪੰਜ ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। -ਪੀਟੀਆਈ