ਨਵੀਂ ਦਿੱਲੀ, 10 ਜੂਨ
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਅੱਜ ਵਿਦਿਆਰਥੀਆਂ ਅਤੇ ਮਾਪਿਆਂ ਨੂੰ 2024-25 ਸੈਸ਼ਨ ਲਈ ਸਿਲੇਬਸ ਅਤੇ ਸੈਂਪਲ ਪ੍ਰਸ਼ਨ ਪੱਤਰਾਂ ਬਾਰੇ ਗੁਮਰਾਹਕੁਨ ਜਾਣਕਾਰੀ ਤੋਂ ਸੁਚੇਤ ਰਹਿਣ ਦੀ ਸੇਧ ਜਾਰੀ ਕੀਤੀ ਹੈ। ਬੋਰਡ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਗੈਰ-ਪ੍ਰਮਾਣਿਤ ਖ਼ਬਰਾਂ ਫੈਲਾਉਣ ਵਾਲੇ ਆਨਲਾਈਨ ਪੋਰਟਲਾਂ ਦਾ ਸ਼ਿਕਾਰ ਨਾ ਹੋਣ। ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ, “ਸਾਡੇ ਧਿਆਨ ਵਿੱਚ ਆਇਆ ਹੈ ਕਿ ਕੁਝ ਆਨਲਾਈਨ ਪੋਰਟਲ ਤੇ ਵੈਬਸਾਈਟਾਂ ਸੈਂਪਲ ਪ੍ਰਸ਼ਨ ਪੱਤਰਾਂ, ਸਿਲੇਬਸ, ਸੀਬੀਐੱਸਈ ਸਰੋਤਾਂ ਤੇ ਗਤੀਵਿਧੀਆਂ ਨਾਲ ਸਬੰਧਤ ਪੁਰਾਣੇ ਲਿੰਕ ਤੇ ਗੈਰ-ਪ੍ਰਮਾਣਿਤ ਖ਼ਬਰਾਂ ਪ੍ਰਸਾਰਿਤ ਕਰ ਰਹੀਆਂ ਹਨ। ਇਹ ਖ਼ਬਰਾਂ ਅਪਡੇਟ ਕੀਤੀ ਜਾਣਕਾਰੀ ਦੇਣ ਦਾ ਝੂਠਾ ਦਾਅਵਾ ਕਰਦੀਆਂ ਹਨ।’’ -ਪੀਟੀਆਈ