ਵਾਇਨਾਡ, 29 ਅਕਤੂਬਰ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਲੋਕਤੰਤਰ ਤਬਾਹ ਕਰਨ ਅਤੇ ਵਾਇਨਾਡ ਵਿੱਚ ਢਿੱਗਾਂ ਡਿੱਗਣ ਵਾਲੇ ਖੇਤਰਾਂ ਲਈ ਫੰਡ ਮੁਹੱਈਆ ਨਾ ਕਰਵਾ ਕੇ ਮੁੜ ਵਸੇਬਾ ਕਾਰਜਾਂ ਨੂੰ ਅਣਗੌਲਿਆਂ ਕਰਨ ਦੇ ਦੋਸ਼ ਲਾਏ। ਪ੍ਰਿਯੰਕਾ ਗਾਂਧੀ ਲੋਕ ਸਭਾ ਹਲਕਾ ਵਾਇਨਾਡ ਦੀ ਜ਼ਿਮਨੀ ਚੋਣ ਲਈ ਕਾਂਗਰਸ ਦੀ ਉਮੀਦਵਾਰ ਹੈ। ਉਨ੍ਹਾਂ ਨੇ 13 ਨਵੰਬਰ ਨੂੰ ਹੋਣ ਵਾਲੀ ਚੋਣ ਤੋਂ ਪਹਿਲਾਂ ਆਪਣੀ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਸਟੈਂਡ ਲੋਕਾਂ ਅਤੇ ਦੇਸ਼ ਪ੍ਰਤੀ ਉਸ ਦੇ ਸਤਿਕਾਰ ਦੀ ਘਾਟ ਨੂੰ ਦਰਸਾਉਂਦਾ ਹੈ ਅਤੇ ਇਹ ਇਸ ਦੇ ਪਿਛਲੇ 10 ਸਾਲਾਂ ਦੇ ਸ਼ਾਸਨ ਦੌਰਾਨ ਬਣਾਈਆਂ ਗਈਆਂ ਨੀਤੀਆਂ ਤੋਂ ਵੀ ਸਪੱਸ਼ਟ ਹੁੰਦਾ ਹੈ। ਪ੍ਰਿਯੰਕਾ ਨੇ ਕਿਹਾ, ‘ਅੱਜ ਸਾਡੇ ਦੇਸ਼ ਵਿੱਚ ਸੱਤਾਧਾਰੀ ਭਾਜਪਾ ਬਿਲਕੁਲ ਵੱਖਰੀ ਕਿਸਮ ਦੀ ਸਿਆਸਤ ਕਰ ਰਹੀ ਹੈ। ਉਹ ਲੋਕਤੰਤਰ ਨੂੰ ਤਬਾਹ ਕਰਨ ਦਾ ਕੰਮ ਕਰ ਰਹੀ ਹੈ। ਭਾਜਪਾ ਦਾ ਮਕਸਦ ਸੱਤਾ ਵਿੱਚ ਰਹਿਣਾ ਹੈ, ਭਾਵੇਂ ਇਸ ਲਈ ਉਸ ਨੂੰ ਕੁੱਝ ਵੀ ਕਰਨਾ ਪਵੇ।’ ਇੱਥੇ ਥੇਰਾਟਮਾਲ ਅਤੇ ਏਂਗਾਪੁਜ਼ਹਾ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਵਾਇਨਾਡ ਵਿੱਚ ਇਸੇ ਤਰ੍ਹਾਂ ਦੀ ਸਿਆਸਤ ਦੇਖਣ ਨੂੰ ਮਿਲੀ, ਜਿੱਥੇ ਢਿੱਗਾਂ ਡਿੱਗਣ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਅਜੇ ਤੱਕ ਵੀ ਕੇਂਦਰ ਤੋਂ ਮੁਆਵਜ਼ਾ ਨਹੀਂ ਮਿਲਿਆ। ਪ੍ਰਧਾਨ ਮੰਤਰੀ ਮੋਦੀ ਵੱਲੋਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਹਰ ਤਰ੍ਹਾਂ ਦੀ ਮਦਦ ਕਰਨ ਦਾ ਵਾਅਦਾ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ।’ ਉਨ੍ਹਾਂ ਕਿਹਾ, ‘ਅਸੀਂ ਹਿਮਾਚਲ ਪ੍ਰਦੇਸ਼ ਵਿੱਚ ਵੀ ਇਹੀ ਦੇਖਿਆ। ਇਸ ਲਈ ਭਾਜਪਾ ਅਜਿਹੀ ਸਿਆਸਤ ਸਿਰਫ ਲੰਮੇ ਸਮੇਂ ਤੱਕ ਸੱਤਾ ਵਿੱਚ ਰਹਿਣ ਲਈ ਕਰਦੀ ਹੈ ਅਤੇ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।’ ਪ੍ਰਿਯੰਕਾ ਨੇ ਕਿਹਾ ਕਿ ਭਾਵੇਂ ਕਾਂਗਰਸ ਕੇਂਦਰ ਜਾਂ ਕੇਰਲ ਵਿੱਚ ਸੱਤਾ ’ਚ ਨਹੀਂ ਹੈ ਪਰ ਇਹ ਵਾਇਨਾਡ ਦੇ ਲੋਕਾਂ ਦੀਆਂ ਸਮੱਸਿਆਵਾਂ ਸੰਸਦ ਵਿੱਚ ਉਠਾਉਣਗੇ। ਪਾਰਟੀ ਨੇ ਇਕ ਬਿਆਨ ’ਚ ਕਿਹਾ ਕਿ ਚੋਣ ਮੁਹਿੰਮ ਦੇ ਹਿੱਸੇ ਵਜੋਂ ਪ੍ਰਿਯੰਕਾ ਨੇ ਅੱਜ ਸੇਠੀ ਹਾਜੀ ਮੈਮੋਰੀਅਲ ਫੁਟਬਾਲ ਸਟੇਡੀਅਮ ਦਾ ਵੀ ਦੌਰਾ ਕੀਤਾ ਅਤੇ ਉਥੇ ਨੌਜਵਾਨ ਫੁੱਟਬਾਲ ਖਿਡਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਵਾਇਨਾਡ ਵਿੱਚ ਖੇਡਾਂ ਦੇ ਵਿਕਾਸ ਅਤੇ ਨੌਜਵਾਨਾਂ ਦਾ ਸਮਰਥਨ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ। -ਪੀਟੀਆਈ