ਦਾਂਤੇਵਾੜਾ, 28 ਮਈ
ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿੱਚ ਬਾਰੂਦੀ ਸੁਰੰਗ (ਆਈਈਡੀ) ਧਮਾਕੇ ਮਗਰੋਂ ਸੱਤ ਔਰਤਾਂ ਸਣੇ 15 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਨਕਸਲੀਆਂ ਨੇ ਇਹ ਧਮਾਕਾ ਐਤਵਾਰ ਨੂੰ ਉਦੋਂ ਕੀਤਾ ਜਦੋਂ ਸੁਰੱਖਿਆ ਬਲ ਇੱਕ ਤਲਾਸ਼ੀ ਮੁਹਿੰਮ ’ਤੇ ਸਨ, ਹਾਲਾਂਕਿ ਧਮਾਕੇ ’ਚ ਕੋਈ ਵੀ ਜ਼ਖਮੀ ਨਹੀਂ ਸੀ ਹੋਇਆ। ਦਾਂਤੇਵਾੜਾ ਦੀ ਡੀਐੱਸਪੀ ਉਨਤੀ ਠਾਕੁਰ ਨੇ ਕਿਹਾ ਕਿ ਇਨ੍ਹਾਂ ਨਕਸਲੀਆਂ ਨੂੰ ਗੀਡਮ ਥਾਣੇ ਅਧੀਨ ਪੈਂਦੇ ਪਿੰਡ ਗੁਮਾਲਨਰ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਜਿਥੇ ਸੂਬਾ ਪੁਲੀਸ ਦੀਆਂ ਯੂਨਿਟਾਂ ਜ਼ਿਲ੍ਹਾ ਰਿਜ਼ਰਵ ਬਲ (ਡੀਆਰਜੀ) ਅਤੇ ਬਸਤਰ ਫਾਈਟਰਸ ਦੀ ਸਾਂਝੀ ਟੀਮ ਨੇ ਐਤਵਾਰ ਨੂੰ ਤਲਾਸ਼ੀ ਮੁਹਿੰਮ ਚਲਾਈ ਸੀ। ਉਨ੍ਹਾਂ ਦੱਸਿਆ ਕਿ ਫੜੇ ਗਏ ਬਹੁਤੇ ਨਕਸਲੀ ਪਾਬੰਦੀਸ਼ੁਦਾ ਸੀਪੀਆਈ (ਮਾਓਵਾਦੀ) ਦੇ ਸਰਗਰਮ ਗੁੱਟਾਂ ਨਾਲ ਸਬੰਧਤ ਹਨ। ਉਨ੍ਹਾਂ ਮੁਤਾਬਕ ਗਸ਼ਤ ਟੀਮਾਂ ਨੇ ਸ਼ਨਿਚਰਵਾਰ ਨੂੰ ਗੁਮਾਲਨਰ ਤੇ ਮੁਸਤਾਨਰ ਪਿੰਡਾਂ ਨੇੜੇ ਜੰਗਲ ’ਚ ਤਲਾਸ਼ ਮੁਹਿੰਮ ਵਿੱਢੀ ਸੀ, ਜਿਸ ਦੌਰਾਨ ਨਕਸਲੀਆਂ ਵੱਲੋਂ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਗਿਆ। ਅਧਿਕਾਰੀ ਮੁਤਾਬਕ ਧਮਾਕੇ ਮਗਰੋਂ ਕੁਝ ਸ਼ੱਕੀਆਂ ਨੇ ਬਚ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਬਲਾਂ ਨੇ ਪਿੱਛਾ ਕਰਕੇ ਉਨ੍ਹਾਂ ਵਿਚੋਂ 15 ਨੂੰ ਗ੍ਰਿਫ਼ਤਾਰ ਕਰ ਲਿਆ। -ਪੀਟੀਆਈ