ਬੇਰਾਸੀਆ (ਮੱਧ ਪ੍ਰਦੇਸ਼), 15 ਨਵੰਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਡੈਮਾਂ, ਹਰੀ ਤੇ ਚਿੱਟੀ ਕ੍ਰਾਂਤੀ ਅਤੇ ਦੇਸ਼ ਵਿੱਚ ਪ੍ਰਮੁੱਖ ਇੰਜਨੀਅਰਿੰਗ ਤੇ ਮੈਡੀਕਲ ਸੰਸਥਾਵਾਂ ਦੀ ਸਥਾਪਨਾ ਲਈ ਕਾਂਗਰਸ ਦੀ ਦੂਰਅੰਦੇਸ਼ੀ ਸੋਚ ਅਤੇ ਨੀਤੀਆਂ ਨੂੰ ਸਿਹਰਾ ਦਿੱਤਾ। ਖੜਗੇ ਮੱਧ ਪ੍ਰਦੇਸ਼ ’ਚ 17 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਭੁਪਾਲ ਜ਼ਿਲ੍ਹੇ ਦੇ ਬੇਰਾਸੀਆ ਹਲਕੇ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਾਰ-ਵਾਰ ਪੁੱਛੇ ਜਾਣ ’ਤੇ ਕਿ ਆਜ਼ਾਦੀ ਤੋਂ ਬਾਅਦ ਆਪਣੇ ਲੰਮੇ ਸ਼ਾਸਨ ਦੌਰਾਨ ਕਾਂਗਰਸ ਨੇ ਦੇਸ਼ ਲਈ ਕੀ ਕੀਤਾ ਹੈ, ਦੇ ਜਵਾਬ ਵਿੱਚ ਖੜਗੇ ਨੇ ਕਿਹਾ, ‘‘ਕਾਂਗਰਸ ਦੀ ਬਦੌਲਤ ਹੀ ਦੇਸ਼ ਵਿੱਚ ਸੰਵਿਧਾਨ ਬਣਿਆ ਅਤੇ ਲੋਕਤੰਤਰ ਬਚਿਆ ਰਿਹਾ ਅਤੇ ਉਹ ਪੁੱਛ ਰਹੇ ਹਨ ਕਿ ਕਾਂਗਰਸ ਨੇ ਦੇਸ਼ ਲਈ ਕੀ ਕੀਤਾ ਹੈ। ਦੇਸ਼ ਨੂੰ ਅਨਾਜ ਦੇ ਮਾਮਲੇ ਵਿੱਚ ਆਤਮਨਿਰਭਰ ਬਣਾਉਣ ਲਈ ਹਰੀ ਕ੍ਰਾਂਤੀ, ਦੁੱਧ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਚਿੱਟੀ ਕ੍ਰਾਂਤੀ, ਭਾਖੜਾ ਨੰਗਲ ਵਰਗੇ ਡੈਮ ਅਤੇ ਵੱਡੀਆਂ ਮੈਡੀਕਲ ਤੇ ਇੰਜਨੀਅਰਿੰਗ ਸੰਸਥਾਵਾਂ ਕਾਂਗਰਸ ਦੀਆਂ ਨੀਤੀਆਂ ਅਤੇ ਦੂਰਅੰਦੇਸ਼ੀ ਨਜ਼ਰੀਏ ਦੀ ਹੀ ਦੇਣ ਹਨ।’’
ਕਾਂਗਰਸ ਸਰਕਾਰਾਂ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਪਾਰਟੀ ਪ੍ਰਧਾਨ ਨੇ ਕਿਹਾ ਕਿ ਦੇਸ਼ ਦਾ ਸਭ ਤੋਂ ਵੱਡਾ ਡੇਅਰੀ ਬ੍ਰਾਂਡ ਅਮੂਲ ਵੀ ਕਾਂਗਰਸ ਨੇ ਬਣਾਇਆ। ਉਨ੍ਹਾਂ ਕਿਹਾ ਕਿ ਏਮਸ, ਆਈਆਈਟੀਜ਼, ਡੈਮ ਅਤੇ ਵੱਡੀਆਂ ਫੈਕਟਰੀਆਂ ਆਧੁਨਿਕ ਭਾਰਤ ਦੀ ਤਰੱਕੀ ਦਰਸਾਉਂਦੀਆਂ ਹਨ। ਕਾਂਗਰਸ ਪ੍ਰਧਾਨ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਖੜਗੇ ਨੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਭਾਜਪਾ ਦੇ ਸਟਾਰ ਪ੍ਰਚਾਰਕ ਮੋਦੀ ਦੀ ਨਿਖੇਧੀ ਕੀਤੀ। ਕਾਂਗਰਸੀ ਆਗੂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਆਪਣਾ ਕੰਮ ਕਰਨ ਦੀ ਬਜਾਏ ਚੋਣ ਰੈਲੀਆਂ ਲਈ ਛੋਟੇ-ਛੋਟੇ ਪਿੰਡਾਂ ਅਤੇ ਕਸਬਿਆਂ ਦਾ ਦੌਰਾ ਕਰਨ ’ਚ ਰੁੱਝੇ ਹੋਏ ਹਨ। ਉਹ ਪ੍ਰਧਾਨ ਮੰਤਰੀ ਹਨ ਅਤੇ ਉਨ੍ਹਾਂ ਨੂੰ ਸੜਕਾਂ ’ਤੇ ਘੁੰਮਣ ਦੀ ਬਜਾਏ ਪਹਿਲਾਂ ਆਪਣਾ ਕੰਮ ਸਹੀ ਢੰਗ ਨਾਲ ਕਰਨਾ ਚਾਹੀਦਾ ਹੈ। ਖੜਗੇ ਨੇ ਕਿਹਾ ਕਿ ਦੇਸ਼ ਵਿੱਚ ਲੋਕਤੰਤਰ ਕਾਰਨ ਹੀ ਮੋਦੀ ਪ੍ਰਧਾਨ ਮੰਤਰੀ ਬਣੇ ਹਨ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਤੇ ਡਾ. ਭੀਮ ਰਾਓ ਅੰਬੇਡਕਰ ਦੀ ਬਦੌਲਤ ਲੋਕਾਂ ਨੂੰ ਵੋਟ ਦਾ ਅਧਿਕਾਰ ਮਿਲਿਆ ਹੈ। -ਪੀਟੀਆਈ
ਹੈਲੀਕਾਪਟਰ ’ਚ ਤਕਨੀਕੀ ਨੁਕਸ ਕਾਰਨ ਖੜਗੇ ਦੀ ਆਮਲਾ ਰੈਲੀ ਰੱਦ
ਭੁਪਾਲ: ਹੈਲੀਕਾਪਟਰ ਵਿੱਚ ਤਕਨੀਕੀ ਨੁਕਸ ਕਾਰਨ ਅੱਜ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਬੈਤੂਲ ਜ਼ਿਲ੍ਹੇ ਦੇ ਆਮਲਾ ਵਿੱਚ ਹੋਣ ਵਾਲੀ ਚੋਣ ਰੈਲੀ ਰੱਦ ਕਰ ਦਿੱਤੀ ਗਈ। ਇੱਕ ਕਾਂਗਰਸ ਆਗੂ ਨੇ ਕਿਹਾ ਕਿ ਖੜਗੇ ਨੇ ਸਵੇਰੇ 11.20 ਵਜੇ ਇਕ ਰੈਲੀ ਨੂੰ ਸੰਬੋਧਿਤ ਕਰਨਾ ਸੀ ਪਰ ਹੈਲੀਕਾਪਟਰ ਵਿਚ ਕੁਝ ਤਕਨੀਕੀ ਖਰਾਬੀ ਕਾਰਨ ਇਹ ਰੱਦ ਕਰ ਦਿੱਤੀ ਗਈ। ਇਸ ਮਗਰੋਂ ਉਨ੍ਹਾਂ ਬੇਰਾਸੀਆ ਅਤੇ ਭੁਪਾਲ ਸ਼ਹਿਰ ਵਿੱਚ ਦੋ ਹੋਰ ਰੈਲੀਆਂ ਨੂੰ ਸੰਬੋਧਨ ਕੀਤਾ। -ਪੀਟੀਆਈ