ਨਵੀਂ ਦਿੱਲੀ, 20 ਮਈ
ਦਿੱਲੀ ਪੁਲੀਸ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ‘ਧਮਕਾਉਣ’ ਲਈ ਮੈਟਰੋ ਟਰੇਨਾਂ ਤੇ ਸਟੇਸ਼ਨਾਂ ’ਤੇ ਲਿਖੇ ਸੁਨੇਹਿਆਂ ਦੀ ਜਾਂਚ ਆਰੰਭ ਦਿੱਤੀ ਹੈ। ਉਧਰ ‘ਆਪ’ ਨੇ ਕਿਹਾ ਕਿ ਇਨ੍ਹਾਂ ਧਮਕੀ ਭਰੇ ਸੰਦੇਸ਼ਾਂ ਪਿੱਛੇ ਭਾਜਪਾ ਦਾ ਹੱਥ ਹੈ ਤੇ ਉਹ ਇਨ੍ਹਾਂ ਜ਼ਰੀਏ ਕੇਜਰੀਵਾਲ ਨੂੰ ਡਰਾਉਣਾ ਧਮਕਾਉਣਾ ਚਾਹੁੰਦੀ ਹੈ। ‘ਆਪ’ ਨੇ ਇਸ ਮਸਲੇ ’ਤੇ ਬੈਠਕ ਲਈ ਚੋਣ ਕਮਿਸ਼ਨ ਤੋਂ ਸਮਾਂ ਮੰਗਿਆ ਹੈ ਤੇ ਇਸ ਸਬੰਧੀ ਈ-ਮੇਲ ਵੀ ਭੇਜੀ ਹੈ।
ਪੁਲੀਸ ਅਧਿਕਾਰੀ ਮੁਤਾਬਕ ਮੈਟਰੋ ਟਰੇਨਾਂ ਅੰਦਰ ਤੇ ਸਟੇਸ਼ਨਾਂ ’ਤੇ ਲਿਖੇ ਕੁਝ ਸੁਨੇਹਿਆਂ ਦੀ ਤਸਵੀਰ ‘ankit.goel_91’ ਨਾਂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸਾਂਝੀ ਕੀਤੀ ਗਈ ਹੈ। ਮੈਟਰੋ ਟਰੇਨ ਵਿਚ ਇਕ ਸੁਨੇਹੇ ’ਚ ਲਿਖਿਆ, ‘‘ਕੇਜਰੀਵਾਲ ਦਿੱਲੀ ਛੱਡ ਦਿਓ,ਕ੍ਰਿਪਾ ਕਰਕੇ। ਨਹੀਂ ਤਾਂ ਤੁਹਾਨੂੰ ਤਿੰਨ ਥੱਪੜ ਯਾਦ ਕਰਨੇ ਪੈਣਗੇ, ਜਿਹੜੇ ਤੁਸੀਂ ਚੋਣਾਂ ਤੋਂ ਪਹਿਲਾਂ ਪਲਾਂਟ ਕੀਤੇ ਸਨ। ਜਲਦੀ ਹੀ ਤੁਹਾਨੂੰ ਹਕੀਕੀ ਰੂਪ ਵਿਚ ਤੇ ਅਸਲ ਵਿਚ ਘਸੁੰਨ/ਥੱਪੜ ਪੈਣਗੇ। ਅੱਜ ਦੀ ਮੀਟਿੰਗ ਝੰਡੇਵਾਲਾ ਵਿਖੇ…ਅੰਕਿਤ.ਗੋਇਲ_91।’’ ਇਕ ਹੋਰ ਸੁਨੇਹੇ ਵਿਚ ਲਿਖਿਆ, ‘‘#ਸੀਐੱਮ ਦਿੱਲੀ, ਸਾਨੂੰ ਛੱਡ ਦਿਓ, ਸਾਨੂੰ ਹੁਣ ਫ੍ਰੀਬੀਜ਼ ਦੀ ਹੋਰ ਲੋੜ ਨਹੀਂ। #ਸੀਐੱਮ ਅਵਾਸ ’ਤੇ 45 ਕਰੋੜ ਖਰਚੇ।’’ ਇਕ ਹੋਰ ਮੈਟਰੋ ਟਰੇਨ ਵਿਚ ਤੀਜੇ ਤੇ ਸਭ ਤੋਂ ਲੰਮੇ ਸੁਨੇਹੇ ਵਿਚ ਲਿਖਿਆ, ‘‘ਤੁਹਾਨੂੰ ਹੇਠ ਲਿਖੇ ਨੁਕਤਿਆਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ…ਜਲ ਬੋਰਡ ਦਾ ਪਾਰਦਰਸ਼ੀ ਆਡਿਟ ਤੇ ਵਿਅਕਤੀਆਂ/ਆਗੂਆਂ ਦੀ ਜਵਾਬਦੇਹੀ ਨਿਰਧਾਰਿਤ ਕੀਤੀ ਜਾਵੇ, ਸ਼ਰਾਬ ਨੀਤੀ ਤੇ ਇਸ ਬਦਲੇ ਤੁਹਾਡੇ ਆਗੂਆਂ ਜਾਂ ਪਾਰਟੀ ਵੱਲੋਂ ਲਈ ਵੱਢੀ ਬਾਰੇ ਤੁਸੀਂ ਕੀ ਕਹੋਗੇ ਅਤੇ ਸ੍ਰੀ ਰਾਘਵ ਚੱਢਾ ਦੀ ਅੱਖ ਦਾ ਅਪਰੇਸ਼ਨ ਏਮਸ ਜਾਂ ਸਫ਼ਦਰਜੰਗ ਜਾਂ ਤੁਹਾਡੀ ਮਰਜ਼ੀ ਦੇ ਕਿਸੇ ਭਾਰਤੀ ਹਸਪਤਾਲ ਵਿਚ। #ਆਪ ਤੋਂ ਆਖਰੀ ਉਮੀਦਾਂ ਹਨ।’’ ਤਿੰਨ ਹੋਰ ਮੈਟਰੋ ਸਟੇਸ਼ਨਾਂ- ਪਟੇਲ ਨਗਰ, ਰਮੇਸ਼ ਨਗਰ ਤੇ ਰਾਜੀਵ ਚੌਕ ਵਿਚ ਵੀ ਮਿਲਦੇ ਜੁਲਦੇ ਸੁਨੇਹੇ ਮਿਲੇ ਹਨ।
‘ਆਪ’ ਆਗੂ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਅਸਲ ਵਿਚ ਇਸ ਤੱਥ ਤੋਂ ਬੁਖਲਾ ਗਈ ਹੈ ਕਿ ਉਹ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ’ਤੇ ਹਾਰ ਰਹੀ ਹੈ। ਇਹੀ ਵਜ੍ਹਾ ਹੈ ਕਿ ‘ਵੱਖ ਵੱਖ ਸਾਜ਼ਿਸ਼ਾਂ ਰਚ ਕੇ’ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਆਤਿਸ਼ੀ ਨੇ ਕਿਹਾ, ‘‘21 ਮਾਰਚ ਨੂੰ ਪਹਿਲਾਂ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ। ਕੇਜਰੀਵਾਲ ਨੂੰ ਤਿਹਾੜ ਜੇਲ੍ਹ ਵਿਚ ਰੱਖਿਆ ਗਿਆ ਤਾਂ ਉਨ੍ਹਾਂ ਦੀ 15 ਦਿਨਾਂ ਲਈ ਇਨਸੁਲਿਨ ਬੰਦ ਕਰ ਦਿੱਤੀ। ਸਾਨੂੰ ਕੋਰਟ ਜਾਣਾ ਪਿਆ। ਜਦੋਂ ਕੇਜਰੀਵਾਲ ਜੇਲ੍ਹ ’ਚੋਂ ਬਾਹਰ ਆਏ ਤਾਂ ਸਵਾਤੀ ਮਾਲੀਵਾਲ ਨੂੰ ਉਨ੍ਹਾਂ ਖਿਲਾਫ਼ ਵਰਤਿਆ ਗਿਆ। ਪਰ ਇਹ ਸਾਜ਼ਿਸ਼ ਵੀ ਕੰਮ ਨਹੀਂ ਆਈ ਕਿਉਂਕਿ ਵੀਡੀਓਜ਼ ਤੋਂ ਸਾਫ਼ ਹੋ ਗਿਆ ਕਿ ਹਮਲੇ ਦੇ ਦੋੋਸ਼ ਝੂਠੇ ਸਨ।’’
ਆਤਿਸ਼ੀ ਨੇ ਕਿਹਾ,‘‘ ਹੁਣ ‘ਕੇੇਜਰੀਵਾਲ ਦੀ ਜਾਨ ਨੂੰ ਖ਼ਤਰਾ ਹੈ।’’ ਆਪ ਆਗੂ ਨੇ ਕਿਹਾ ਕਿ ਮੈਟਰੋ ਟਰੇਨਾਂ ਦੇ ਅੰਦਰ ਤੇ ਸਟੇਸ਼ਨਾਂ ’ਤੇ ਲਿਖੇ ਸੁਨੇਹਿਆਂ ਰਾਹੀਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਸੁਨੇਹਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀਆਂ ਗਈਆਂ ਹਨ। ਇਨ੍ਹਾਂ ਸਟੇਸ਼ਨਾਂ ’ਤੇ ਸੀਸੀਟੀਵੀ ਲੱਗੇ ਹਨ ਤੇ ਸੁਰੱਖਿਆ ਕਰਮੀ 24 ਘੰਟੇ ਤਾਇਨਾਤ ਰਹਿੰਦੇ ਹਨ। ਪੁਲੀਸ ਇਸ ’ਤੇ ਕਾਰਵਾਈ ਕਿਉਂ ਨਹੀਂ ਕਰ ਰਹੀ? ਸਾਈਬਰ ਸੈੱਲ ਕਿੱਥੇ ਹੈ? ਸਾਫ਼ ਹੈ ਕਿ ਇਹ ਸਭ ਭਾਜਪਾ ਦਾ ਰਚਿਆ ਹੋਇਆ ਹੈ।’’ ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸੱਚਦੇਵਾ ਨੇ ਪੁਲੀਸ ਤੇ ਚੋਣ ਕਮਿਸ਼ਨ ਨੂੰ ਕੇਜਰੀਵਾਲ ਦੀ ਸੁਰੱਖਿਆ ਵਧਾਉਣ ਲਈ ਕਿਹਾ ਹੈ -ਪੀਟੀਆਈ
ਸਵਾਤੀ ਮਾਲੀਵਾਲ ਹਮਲਾ: ਦਿੱਲੀ ਪੁਲੀਸ ਨੇ ਕ੍ਰਾਈਮ ਸੀਨ ਮੁੜ ਸਿਰਜਿਆ
ਨਵੀਂ ਦਿੱਲੀ: ਦਿੱਲੀ ਪੁਲੀਸ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕਥਿਤ ਕੁੱਟਮਾਰ ਮਾਮਲੇ ਦੀ ਜਾਂਚ ਨੂੰ ਲੈ ਕੇ ਅੱਜ ਮੁਲਜ਼ਮ ਵਿਭਵ ਕੁਮਾਰ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇੇਜਰੀਵਾਲ ਦੀ ਸਰਕਾਰੀ ਰਿਹਾਇਸ਼ ’ਤੇ ਪੁੱਜੀ ਤੇ ਕਥਿਤ ਕ੍ਰਾਈਮ ਸੀਨ ਨਵੇਂ ਸਿਰੇ ਤੋਂ ਸਿਰਜਿਆ। ਕੇਜਰੀਵਾਲ ਦੇ ਨਿੱਜੀ ਸਕੱਤਰ ਕੁਮਾਰ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਹ ਇਸ ਵੇਲੇ ਪੰਜ ਰੋਜ਼ਾ ਰਿਮਾਂਡ ਤਹਿਤ ਦਿੱਲੀ ਪੁਲੀਸ ਦੀ ਗ੍ਰਿਫ਼ਤ ਵਿਚ ਹੈ। ਅਧਿਕਾਰੀ ਨੇ ਕਿਹਾ, ‘‘ਦਿੱਲੀ ਪੁਲੀਸ ਦੀ ਟੀਮ ਕ੍ਰਾਈਮ ਸੀਨ ਨਵੇਂ ਸਿਰੇ ਤੋਂ ਸਿਰਜਣ ਲਈ ਕੁਮਾਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਲੈ ਕੇ ਗਈ ਤੇ ਸ਼ਾਮੀਂ ਪੌਣੇ ਛੇ ਵਜੇ ਦੇ ਕਰੀਬ ਘਟਨਾਵਾਂ ਦੀ ਸਿਲਸਿਲੇਵਾਰ ਤਸਦੀਕ ਕੀਤੀ।’’ ਮਾਲੀਵਾਲ ਨੇ ਸਿਵਲ ਲਾਈਨਜ਼ ਪੁਲੀਸ ਥਾਣੇ ਵਿਚ ਦਰਜ ਸ਼ਿਕਾਇਤ ’ਚ ਦਾਅਵਾ ਕੀਤਾ ਸੀ ਕਿ 13 ਮਈ ਨੂੰ ਮੁੱਖ ਮੰਤਰੀ ਕੇਜਰੀਵਾਲ ਦੀ ਰਿਹਾਇਸ਼ ’ਤੇ ਵਿਭਵ ਕੁਮਾਰ ਨੇ ਉਸ ’ਤੇ ਕਥਿਤ ਹਮਲਾ ਕੀਤਾ ਸੀ। -ਪੀਟੀਆਈ