ਨਵੀਂ ਦਿੱਲੀ, 23 ਸਤੰਬਰ
ਇਥੋਂ ਦੇ ਕਾਲਜ ’ਚ ਦੋ ਗੁੱਟਾਂ ਦਰਮਿਆਨ ਝੜਪ ’ਚ ਸਿੱਖ ਵਿਦਿਆਰਥੀ ਨਾਲ ਕੁੱਟਮਾਰ ਦੌਰਾਨ ਕੁਝ ਨੌਜਵਾਨਾਂ ਨੇ ਉਸ ਦੀ ਪੱਗ ਲਾਹ ਦਿੱਤੀ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਮਗਰੋਂ ਘਟਨਾ ਦੀ ਆਲੋਚਨਾ ਕੀਤੀ ਜਾ ਰਹੀ ਹੈ। ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ 27 ਸਤੰਬਰ ਨੂੰ ਚੋਣਾਂ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਇਹ ਘਟਨਾ ਸ੍ਰੀ ਤੇਗ ਬਹਾਦਰ ਖ਼ਾਲਸਾ ਕਾਲਜ ’ਚ ਵਾਪਰੀ, ਜੋ ਦਿੱਲੀ ਯੂਨੀਵਰਸਿਟੀ ਅਧੀਨ ਹੈ। ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਲਾਲ ਰੰਗ ਦੀ ਪੱਗ ਬੰਨੀ ਵਿਦਿਆਰਥੀ ਨੂੰ ਕੁਝ ਨੌਜਵਾਨ ਕੁੱਟ ਰਹੇ ਹਨ ਅਤੇ ਝੜਪ ਦੌਰਾਨ ਹੀ ਉਸ ਦੀ ਪੱਗ ਜ਼ਮੀਨ ’ਤੇ ਡਿੱਗ ਜਾਂਦੀ ਹੈ। ਪੁਲੀਸ ਨੇ ਕਿਹਾ ਕਿ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ ਤਹਿਤ ਮੌਰਿਸ ਨਗਰ ਪੁਲੀਸ ਸਟੇਸ਼ਨ ’ਚ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਮੁਤਾਬਕ ਦੂਜੇ ਵਰ੍ਹੇ ਦੇ ਵਿਦਿਆਰਥੀ ਪਵਿਤ ਸਿੰਘ ਗੁਜਰਾਲ ’ਤੇ ਹਮਲਾ ਦਿੱਲੀ ਯੂਨੀਵਰਸਿਟੀ ਚੋਣਾਂ ਦੀ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਹੋਇਆ। ਐੱਫਆਈਆਰ ’ਚ ਪਵਿਤ ਸਿੰਘ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਅਤੇ ਕਿਹਾ ਕਿ ਨੌਜਵਾਨਾਂ ਨੇ ਧੱਕੇ ਨਾਲ ਉਸ ਦੀ ਪੱਗ ਲਾਹੀ ਅਤੇ ਕੁੱਟਮਾਰ ਕਰਦਿਆਂ ਉਸ ਦੇ ਕੇਸ ਖਿੱਚੇ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਨੂੰ ਫੜਨ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ। -ਪੀਟੀਆਈ