ਜਮਸ਼ੇਦਪੁਰ/ਧਨਬਾਦ, 9 ਨਵੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਾਇਆ ਕਿ ਨੋਟਬੰਦੀ ਤੇ ਜੀਐੱਸਟੀ ਸਬੰਧੀ ਉਸ ਦੀਆਂ ਨੀਤੀਆਂ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਤੇ ਗਰੀਬਾਂ ਨੂੰ ਖਤਮ ਕਰਨ ਦੇ ਹਥਿਆਰ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਦੇਸ਼ ’ਚ ਭਾਜਪਾ-ਆਰਐੱਸਐੱਸ ਅਤੇ ‘ਇੰਡੀਆ’ ਗੱਠਜੋੜ ਦੀਆਂ ਵਿਚਾਰਧਾਰਾਵਾਂ ਵਿਚਾਲੇ ਲੜਾਈ ਚੱਲ ਰਹੀ ਹੈ ਜੋ ਕ੍ਰਮਵਾਰ ਨਫਰਤ ਤੇ ਪਿਆਰ ’ਚ ਯਕੀਨ ਰੱਖਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਲੜਾਈ ਹਿੰਸਾ ਤੇ ਏਕਤਾ ਵਿਚਾਲੇ ਹੈ।
ਜਮਸ਼ੇਦਪੁਰ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘ਨਰਿੰਦਰ ਮੋਦੀ ਦੀਆਂ ਨੀਤੀਆਂ ਦੇਸ਼ ’ਚ ਬੇਰੁਜ਼ਗਾਰੀ ਫੈਲਾਉਣ ਲਈ ਜ਼ਿੰਮੇਵਾਰ ਹਨ। ਨੋਟਬੰਦੀ, ਜੀਐੱਸਟੀ ਗਰੀਬਾਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਖਤਮ ਕਰਨ ਦੇ ਹਥਿਆਰ ਹਨ।’ ਉਨ੍ਹਾਂ ਦੋਸ਼ ਲਾਇਆ, ‘ਭਾਜਪਾ-ਆਰਐੱਸਐੱਸ ਜਾਤੀ, ਧਰਮ ਤੇ ਭਾਸ਼ਾ ਦੇ ਆਧਾਰ ’ਤੇ ਦੇਸ਼ ਨੂੰ ਵੰਡਣ ਦੀ ਰਾਜਨੀਤੀ ਕਰ ਰਹੇ ਹਨ। ਕਾਂਗਰਸ ਭਾਰਤ ਦੇ ਸੰਵਿਧਾਨ ਦੀ ਰਾਖੀ ਕਰਨਾ ਚਾਹੁੰਦੀ ਹੈ ਜਦਕਿ ਭਾਜਪਾ-ਆਰਐੱਸਐੱਸ ਇਸ ਨੂੰ ਤਬਾਹ ਕਰਨ ’ਤੇ ਤੁਲੇ ਹੋਏ ਹਨ।’ ਕਾਂਗਰਸ ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਪੂੰਜੀਪਤੀਆਂ ਨੂੰ ਧਨ ਮੁਹੱਈਆ ਕਰਾਉਣ ਦਾ ਵੀ ਦੋਸ਼ ਲਾਇਆ ਅਤੇ ਕਿਹਾ ਕਿ ਇਹ ਪੂੰਜੀਪਤੀ ਬਦਲੇ ’ਚ ਵਿਦੇਸ਼ਾਂ ਵਿੱਚ ਪੈਸਾ ਨਿਵੇਸ਼ ਕਰਦੇ ਹਨ। ਉਨ੍ਹਾਂ ਭਰੋਸਾ ਜ਼ਾਹਿਰ ਕੀਤਾ ਕਿ ਉਹ ਮੋਦੀ ਨੂੰ ਹਰਾਉਣਗੇ ਤੇ ਲੋਕਾਂ ਦੀ ਭਲਾਈ ਲਈ ਕੰਮ ਕਰਨਗੇ। ਸੰਬੋਧਨ ਦੌਰਾਨ ਝਾਰਖੰਡ ਦੇ ਸਿਹਤ ਮੰਤਰੀ ਬੰਨਾ ਗੁਪਤਾ ਵੱਲੋਂ ਗਾਂਧੀ ਨੂੰ ਇਹ ਦੱਸੇ ਜਾਣ ’ਤੇ ਕਿ ‘ਅਜ਼ਾਨ’ ਚੱਲ ਰਹੀ ਹੈ, ਰਾਹੁਲ ਗਾਂਧੀ ਨੇ ਦੋ ਮਿੰਟ ਦਾ ਵਿਰਾਮ ਲਿਆ। -ਪੀਟੀਆਈ
ਰਾਹੁਲ ਦੀ ਅਗਵਾਈ ਹੇਠ ਕਾਂਗਰਸ ਦਾ ਵਿਕਾਸ ਮੁਸ਼ਕਲ: ਰਿਜਿਜੂ
ਪੁਣੇ:
ਕੇਂਦਰ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ‘ਨਾਸਮਝ’ ਹਨ ਅਤੇ ਵਿਦੇਸ਼ਾਂ ’ਚ ਭਾਰਤ ਨੂੰ ਬਦਨਾਮ ਕਰਕੇ ਕੋਈ ਵੀ ਨੇਤਾ ਨਹੀਂ ਬਣ ਸਕਦਾ। ਉਨ੍ਹਾਂ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਮਹਾਯੁਤੀ ਗੱਠਜੋੜ ਮਹਾਰਾਸ਼ਟਰ ਚੋਣਾਂ ’ਚ ਅਸਾਨੀ ਨਾਲ ਜਿੱਤ ਦਰਜ ਕਰੇਗਾ। ਕਾਂਗਰਸ ਆਗੂ ਵੱਲੋਂ ਭਾਜਪਾ ’ਤੇ ਲੋਕਾਂ ਨੂੰ ਵੰਡਣ ਦਾ ਦੋਸ਼ ਲਾਏ ਜਾਣ ਬਾਰੇ ਉਨ੍ਹਾਂ ਕਿਹਾ ਕਿ ਇਹ ਰਾਹੁਲ ਗਾਂਧੀ ਹੀ ਹਨ ਜੋ ਪੂਰੇ ਸਿਆਸੀ ਜੀਵਨ ਦੌਰਾਨ ਅਜਿਹੀਆਂ ਗਤੀਵਿਧੀਆਂ ’ਚ ਸ਼ਾਮਲ ਰਹੇ ਹਨ। ਉਨ੍ਹਾਂ ਕਿਹਾ, ‘ਸੰਸਦ ’ਚ ਆਪਣੇ ਤਜਰਬੇ ਦੇ ਆਧਾਰ ’ਤੇ ਮੈਂ ਕਹਿ ਸਕਦਾ ਹਾਂ ਕਿ ਉਨ੍ਹਾਂ (ਰਾਹੁਲ) ਦੀ ਅਗਵਾਈ ਹੇਠ ਕਾਂਗਰਸ ਦੇ ਅੱਗੇ ਵਧਣ ਦੀ ਸੰਭਾਵਨਾ ਨਹੀਂ ਹੈ।’ -ਪੀਟੀਆਈ