ਨਵੀਂ ਦਿੱਲੀ, 11 ਨਵੰਬਰ
ਸੁਪਰੀਮ ਕੋਰਟ ਨੇ ਫਰਵਰੀ 2020 ’ਚ ਉੱਤਰ ਪੂਰਬੀ ਦਿੱਲੀ ’ਚ ਹੋਏ ਦੰਗਿਆਂ ਪਿੱਛੇ ਕਥਿਤ ‘ਵੱਡੀ ਸਾਜ਼ਿਸ਼’ ਦੇ ਮਾਮਲੇ ’ਚ ਵਿਦਿਆਰਥੀ ਕਾਰਕੁਨ ਗੁਲਫਿਸ਼ਾ ਫਾਤਿਮਾ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਤੇ ਦਿੱਲੀ ਹਾਈ ਕੋਰਟ ਨੂੰ ਆਖਿਆ ਕਿ ਉਹ 25 ਨਵੰਬਰ ਨੂੰ ਫਾਤਿਮਾ ਦੀ ਪਟੀਸ਼ਨ ’ਤੇ ਵਿਚਾਰ ਕਰੇ। ਜਸਟਿਸ ਬੇਲਾ ਐੱਮ. ਤ੍ਰਿਵੇਦੀ ਤੇ ਜਸਟਿਸ ਸਤੀਸ਼ ਚੰਦਰ ਦੇ ਬੈਂਚ ਨੇ ਕਿਹਾ ਕਿ ਪਟੀਸ਼ਨਰ ਇਸ ਮਾਮਲੇ ’ਚ ਚਾਰ ਸਾਲ ਤੇ ਸੱਤ ਮਹੀਨਿਆਂ ਤੋਂ ਹਿਰਾਸਤ ਵਿੱਚ ਹੈ। ਪਟੀਸ਼ਨਰ ਫਾਤਿਮਾ ਦੇ ਵਕੀਲ ਕਪਿਲ ਸਿੱਬਲ ਨੇ ਅਦਾਲਤ ਨੂੰ ਦੱਸਿਆ ਕਿ ਹਾਈ ਕੋਰਟ ਮਾਮਲੇ ’ਤੇ ਸੁਣਵਾਈ ਨਹੀਂ ਕਰ ਰਹੀ ਅਤੇ ਮਾਮਲਾ ਵਾਰ-ਵਾਰ ਮੁਲਤਵੀ ਕੀਤਾ ਜਾ ਰਿਹਾ। ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਕੋਈ ਗ਼ੈਰ-ਸਧਾਰਨ ਸਥਿਤੀ ਨਾ ਹੋਵੇ ਤਾਂ ਹਾਈ ਕੋਰਟ ਵੱਲੋਂ 25 ਨਵੰਬਰ ਨੂੰ ਗੁਲਫਿਸ਼ਾ ਫਾਤਿਮਾ ਦੀ ਅਰਜ਼ ’ਤੇ ਸੁਣਵਾਈ ਕੀਤੀ ਜਾਣੀ ਚਾਹੀਦੀ ਹੈ। -ਪੀਟੀਆਈ