ਰਾਜੌਰੀ/ਜੰਮੂ:
ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਪੈਂਦੇ ਇਕ ਜੰਗਲੀ ਇਲਾਕੇ ’ਚ ਅਤਿਵਾਦੀਆਂ ਦੀ ਇਕ ਗੁਫਾਨੁਮਾ ਛੁਪਣਗਾਹ ਦਾ ਪਰਦਾਫਾਸ਼ ਕਰ ਕੇ ਉੱਥੋਂ ਹਥਿਆਰਾਂ ਤੇ ਧਮਾਕਾਖੇਜ਼ ਸਮੱਗਰੀ ਦਾ ਇਕ ਜ਼ਖ਼ੀਰਾ ਬਰਾਮਦ ਕੀਤਾ ਹੈ।
ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕਾਲਾਕੋਟ ਦੇ ਧਰਮਸਾਲ ਇਲਾਕੇ ਵਿੱਚ ਪੈਂਦੇ ਗੁਲਾਬਗੜ੍ਹ ਵਿੱਚ ਇਕ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਇਸ ਛੁਪਣਗਾਹ ਦਾ ਪਰਦਾਫਾਸ਼ ਹੋਇਆ। ਇਸ ਛੁਪਣਗਾਹ ਵਿੱਚੋਂ ਇਕ ਏਕੇ ਅਸਾਲਟ ਰਾਈਫਲ, ਦੋ ਮੈਗਜ਼ੀਨਾਂ, ਇਕ ਪਿਸਤੌਲ ਤੇ ਦੋ ਮੈਗਜ਼ੀਨਾਂ, ਦੋ ਹੱਥਗੋਲੇ, ਧਮਾਕਾਖੇਜ਼ ਸਮੱਗਰੀ ਦੇ ਤਿੰਨ ਪੈਕਟ ਅਤੇ ਵੱਖ-ਵੱਖ ਤਰ੍ਹਾਂ ਦੇ ਗੋਲਾ ਬਾਰੂਦ ਦੇ ਕਰੀਬ 100 ਰੌਂਦਾਂ ਤੋਂ ਇਲਾਵਾ ਖਾਣ ਦੀਆਂ ਕੁਝ ਵਸਤਾਂ ਅਤੇ ਸਿਗਰਟਾਂ ਦੇ ਕੁਝ ਪੈਕਟ ਬਰਾਮਦ ਹੋਏ ਹਨ।’’ -ਪੀਟੀਆਈ