ਕੋਲਕਾਤਾ, 8 ਅਗਸਤ
ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰਜੀ (80) ਦਾ ਅੱਜ ਸਵੇਰੇ ਇੱਥੇ ਉਨ੍ਹਾਂ ਦੇ ਘਰ ’ਚ ਦੇਹਾਂਤ ਹੋ ਗਿਆ। ਉਹ ਵਡੇਰੀ ਉਮਰ ਸਬੰਧੀ ਰੋਗਾਂ ਤੋਂ ਪੀੜਤ ਸਨ। ਉਹ ਸੂਬੇ ’ਚ ਸਨਅਤਾਂ ਲਿਆਉਣ ਸਬੰਧੀ ਆਪਣੀਆਂ ਕੋਸ਼ਿਸ਼ਾਂ ਲਈ ਜਾਣੇ ਜਾਂਦੇ ਸਨ। ਬੁੱਧਦੇਵ ਭੱਟਾਚਾਰਜੀ ਦੇ ਪਿੱਛੇ ਪਰਿਵਾਰ ’ਚ ਪਤਨੀ ਮੀਰਾ ਅਤੇ ਬੇਟੀ ਸੁਚੇਤਨਾ ਹੈ। ਸੀਪੀਆਈ (ਐੱਮ) ਦੇ ਸੂਬਾ ਸਕੱਤਰ ਮੁਹੰਮਦ ਸਲੀਮ ਨੇ ਕਿਹਾ ਕਿ ਪਾਰਟੀ ਦੇ ਉੱਘੇ ਆਗੂ ਬੁੱਧਦੇਵ ਭੱਟਾਚਾਰਜੀ ਜਿਨ੍ਹਾਂ ਨੇ ਆਪਣਾ ਸਰੀਰ ਮੈਡੀਕਲ ਖੋਜਾਂ ਵਾਸਤੇ ਦਾਨ ਕੀਤਾ ਹੋਇਆ ਹੈ, ਦੀ ਦੇਹ ਸ਼ੁੱਕਰਵਾਰ ਨੂੰ ਸ਼ਰਧਾਂਜਲੀਆਂ ਭੇਟ ਕਰਨ ਮਗਰੋਂ ਹਸਪਤਾਲ ਲਿਜਾਈ ਜਾਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਸੂਬੇ ਦੇ ਰਾਜਪਾਲ ਸੀਵੀ ਆਨੰਦ ਬੋਸ ਸਣੇ ਹੋਰ ਸ਼ਖਸੀਅਤਾਂ ਨੇ ਭੱਟਾਚਾਰਜੀ ਦੇਹਾਂਤ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਮੋਦੀ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਉਹ ਇੱਕ ਦਿੱਗਜ ਸਿਆਸਤਦਾਨ ਸਨ, ਜਿਨ੍ਹਾਂ ਨੇ ਵਚਨਬੱਧਤਾ ਨਾਲ ਸੂਬੇ ਦੇ ਸੇਵਾ ਕੀਤੀ।’’ ਭੱਟਾਚਾਰਜੀ 2011 ਦੀਆਂ ਵਿਧਾਨ ਸਭਾ ਚੋਣਾਂ ’ਚ ਹਾਰ ਮਗਰੋਂ ਜਨਤਕ ਤੌਰ ’ਤੇ ਘੱਟ ਹੀ ਨਜ਼ਰ ਆਉਂਦੇ ਸਨ। ਮਮਤਾ ਬੈਨਰਜੀ ਨੇ ਕਿਹਾ ਕਿ ਭੱਟਾਚਾਰਜੀ ਆਪਣੇ ਕੰਮਾਂ ਲਈ ਯਾਦ ਰਹਿਣਗੇ। ਹੋਰਨਾਂ ਤੋਂ ਇਲਾਵਾ ਭਾਜਪਾ ਆਗੂ ਸੁਵੇਂਦੂ ਅਧਿਕਾਰੀ, ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਤੇ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀਆਂ ਹਿਮੰਤਾ ਸਰਮਾ ਬਿਸਵਾ ਅਤੇ ਪੇਮਾ ਖਾਂਡੂ ਨੇ ਵੀ ਭੱਟਾਚਾਰਜੀ ਦੇ ਦੇਹਾਂਤ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇੇ ਕਿਹਾ ਕਿ ਬੁੱਧਦੇਵ ਭੱਟਾਚਾਰਜੀ ਵੱਲੋਂ ਪੰਜ ਦਹਾਕਿਆਂ ਤੋਂ ਵੱਧ ਦੇ ਸਮੇਂ ਦੌਰਾਨ ਲੋਕਾਂ ਲਈ ਕੀਤੀਆਂ ਸੇਵਾਵਾਂ ਨੂੰ ਸੂਬਾ ਤੇ ਦੇਸ਼ ਹਮੇਸ਼ਾ ਯਾਦ ਰੱਖੇਗਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਭੱਟਾਚਾਰਜੀ ਨੇ ਪੰਜ ਦਹਾਕਿਆਂ ਤੋਂ ਵੱਧ ਲੰਮੇ ਆਪਣੇ ਸਿਆਸੀ ਕਰੀਅਰ ਦੌਰਾਨ ਸਮਰਪਣ ਭਾਵਨਾ ਨਾਲ ਲੋਕਾਂ ਦੀ ਸੇਵਾ ਕੀਤੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਆਖਿਆ ਕਿ ਬੁੱਧਦੇਵ ਭੱਟਾਚਾਰਜੀ ਆਖਰੀ ਸਮੇਂ ਪੂਰੀ ਤਰ੍ਹਾਂ ਕਮਿਊਨਿਸਟ ਰਹੇ। -ਪੀਟੀਆਈ