ਕੋਲਕਾਤਾ, 21 ਮਈ
ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਕਲਕੱਤਾ ਹਾਈ ਕੋਰਟ ਦੇ ਸਾਬਕਾ ਜੱਜ ਅਤੇ ਭਾਜਪਾ ਉਮੀਦਵਾਰ ਅਭਿਜੀਤ ਗੰਗੋਪਾਧਿਆਏ ਦੀ ਵਿਵਾਦਿਤ ਬਿਆਨਾਂ ਲਈ ਨਿੰਦਾ ਕੀਤੀ ਹੈ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਨੂੰ 24 ਘੰਟਿਆਂ ਲਈ ਚੋਣ ਪ੍ਰਚਾਰ ਕਰਨ ਤੋਂ ਰੋਕ ਦਿੱਤਾ ਹੈ। ਆਦੇਸ਼ ਮੁਤਾਬਕ ਚੋਣ ਪੈਨਲ ਨੇ ਭਾਜਪਾ ਪ੍ਰਧਾਨ ਜੇਪੀ ਨੱਢਾ ਨੂੰ ਪਾਰਟੀ ਵੱਲੋਂ ਸਾਰੇ ਉਮੀਦਵਾਰਾਂ ਅਤੇ ਪ੍ਰਚਾਰਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦੇਣ ਲਈ ਕਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪ੍ਰਚਾਰ ਦੇ ਸਮੇਂ ਦੌਰਾਨ ਇਹ ਕੁਤਾਹੀ ਦੁਬਾਰਾ ਨਾ ਹੋਵੇ। ਚੋਣ ਕਮਿਸ਼ਨ ਨੇ ਗੰਗੋਪਾਧਿਆਏ ਦੀ ਟਿੱਪਣੀ ਨੂੰ ‘‘ਨੀਵੇਂ ਦਰਜੇ ਦਾ ਨਿੱਜੀ ਹਮਲਾ’’ ਦੱਸਿਆ ਅਤੇ ਕਿਹਾ ਕਿ ਉਸ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਚੋਣ ਸੰਸਥਾ ਨੇ ਭਾਜਪਾ ਦੇ ਤਾਮਲੂਕ ਤੋਂ ਉਮੀਦਵਾਰ ਗੰਗੋਪਾਧਿਆਏ ਨੂੰ ਵੀ ਪ੍ਰਚਾਰ ਦੌਰਾਨ ਆਪਣੇ ਜਨਤਕ ਭਾਸ਼ਣਾਂ ਵਿੱਚ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ। ਬੈਨਰਜੀ ’ਤੇ ਗੰਗੋਪਾਧਿਆਏ ਦੀਆਂ ਟਿੱਪਣੀਆਂ ਦਾ ਹਵਾਲਾ ਦਿੰਦੇ ਹੋਏ ਚੋਣ ਕਮਿਸ਼ਨ ਨੇ ਹੈਰਾਨੀ ਪ੍ਰਗਟਾਈ ਕਿ ਅਜਿਹੇ ਘਿਣਾਉਣੇ ਸ਼ਬਦ ਗੰਗੋਪਾਧਿਆਏ ਦੇ ਵਿਦਿਅਕ ਅਤੇ ਪੇਸ਼ੇਵਰ ਪਿਛੋਕੜ ਵਾਲੇ ਕਿਸੇ ਵਿਅਕਤੀ ਵੱਲੋਂ ਆਏ ਹਨ। ਚੋਣ ਕਮਿਸ਼ਨ ਨੇ ਗੰਗੋਪਾਧਿਆਏ ਨੂੰ 21 ਮਈ ਸ਼ਾਮ 5 ਵਜੇ ਤੋਂ 24 ਘੰਟਿਆਂ ਲਈ ਚੋਣ ਪ੍ਰਚਾਰ ਕਰਨ ’ਤੇ ਪਾਬੰਦੀ ਲਗਾਈ ਹੈ।
ਸਾਬਕਾ ਜੱਜ ਨੇ ਕਿਹਾ ਕਿ ਜੇਕਰ ਚੋਣ ਕਮਿਸ਼ਨ ਆਪਣੇ ਫੈਸਲੇ ’ਤੇ ਮੁੜ ਵਿਚਾਰ ਨਹੀਂ ਕਰਦਾ ਹੈ ਤਾਂ ਉਹ ਇਸ ਆਦੇਸ਼ ਨੂੰ ਰੱਦ ਕਰਨ ਲਈ ਅਦਾਲਤ ਦਾ ਰੁਖ ਕਰਨਗੇ। -ਪੀਟੀਆਈ