ਨਵਸਾਰੀ, 9 ਨਵੰਬਰ
ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ’ਚ ਅੱਜ ਸਵੇਰੇ ਕੈਮੀਕਲ ਰਿਸਣ ਕਾਰਨ ਗੁਦਾਮ ’ਚ ਅੱਗ ਲੱਗ ਗਈ, ਜਿਸ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਝੁਲਸ ਗਏ। ਡੀਐੱਸਪੀ ਬੀਵੀ ਗੋਹਿਲ ਨੇ ਦੱਸਿਆ ਕਿ ਬਿਲੀਮੋਰੀਆ ਤਾਲੁਕਾ ਦੇ ਦੇਵਸਰ ਪਿੰਡ ਸਥਿਤ ਗੁਦਾਮ ’ਚ ਸਵੇਰੇ ਤਕਰੀਬਨ ਨੌਂ ਵਜੇ ਉਸ ਸਮੇਂ ਅੱਗ ਲੱਗੀ ਸੀ, ਜਦੋਂ ਮਜ਼ਦੂਰ ਟਰੱਕ ਤੋਂ ਕੈਮੀਕਲ ਨਾਲ ਭਰੇ ਬੈਰਲ ਉਤਾਰ ਰਹੇ ਸਨ। ਉਨ੍ਹਾਂ ਦੱਸਿਆ, ‘ਇਸ ਹਾਦਸੇ ’ਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।’ ਗੋਹਿਲ ਨੇ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਮੌਕੇ ’ਤੇ ਬੁਲਾਈਆਂ ਗਈਆਂ ਅਤੇ ਅੱਗ ’ਤੇ ਕਾਬੂ ਪਾਇਆ ਗਿਆ। -ਪੀਟੀਆਈ