ਸ਼ਿਮਲਾ/ਬਿਲਾਸਪੁਰ, 4 ਅਕਤੂਬਰ
ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਅੱਜ ਦੋਸ਼ ਲਗਾਇਆ ਕਿ ਕੇਂਦਰ ਦੀ ਮਦਦ ਤੋਂ ਬਿਨਾ ਕਾਂਗਰਸ ਇਕ ਦਿਨ ਵੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨਹੀਂ ਚਲਾ ਸਕਦੀ ਹੈ। ਬਿਲਾਸਪੁਰ ਵਿੱਚ ਭਾਜਪਾ ਦੀ ਸੂਬਾ ਇਕਾਈ ਵੱਲੋਂ ਕਰਵਾਏ ਗਏ ‘ਅਭਿਨੰਦਨ ਸਮਾਰੋਹ’ ਨੂੰ ਸੰਬੋਧਨ ਕਰਦਿਆਂ ਨੱਢਾ ਨੇ ਕਿਹਾ ਕਿ ਕੇਂਦਰ ਸਰਕਾਰ ਮਾਲੀਆ ਘਾਟੇ ਦੀ ਗ੍ਰਾਂਟ ਦੇ ਤੌਰ ’ਤੇ 500 ਕਰੋੜ ਰੁਪਏ ਅਤੇ ਤਨਖ਼ਾਹਾਂ ਤੇ ਪੈਨਸ਼ਨਾਂ ਦੇ ਭੁਗਤਾਨ ਲਈ ਗ੍ਰਾਂਟ ਦੇ ਤੌਰ ’ਤੇ 800 ਕਰੋੜ ਰੁਪਏ ਦਿੰਦੀ ਹੈ। ਭਾਜਪਾ ਦੇ ਕੌਮੀ ਪ੍ਰਧਾਨ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੱਖ-ਵੱਖ ਮੌਕਿਆਂ ’ਤੇ ਵੱਖੋ-ਵੱਖਰੀ ਗੱਲ ਕਰਦੇ ਹਨ। ਭਾਜਪਾ ਦੇ ਕੌਮੀ ਪ੍ਰਧਾਨ ਨੱਢਾ ਨੇ ਕਿਹਾ, ‘ਜਦੋਂ ਉਹ ਹਿਮਾਚਲ ਪ੍ਰਦੇਸ਼ ਵਿੱਚ ਅਤੇ ਚੋਣਾਂ ਦੌਰਾਨ ਬੋਲਦੇ ਹਨ ਤਾਂ ਕਹਿੰਦੇ ਹਨ ਕਿ ਸੂਬੇ ਨੂੰ ਕੇਂਦਰ ਤੋਂ ਕੁਝ ਨਹੀਂ ਮਿਲਦਾ, ਜਦਕਿ ਦੂਜੇ ਪਾਸੇ, ਦਿੱਲੀ ਵਿੱਚ ਉਹ ਵਿੱਤੀ ਮਦਦ ਲਈ ਧੰਨਵਾਦ ਕਰਦੇ ਹਨ ਅਤੇ ਹੋਰ ਵਧੇਰੇ ਮਦਦ ਦੀ ਅਪੀਲ ਕਰਦੇ ਹਨ।’ -ਪੀਟੀਆਈ