ਸ਼ਿਮਲਾ, 19 ਅਗਸਤ
ਹਿਮਾਚਲ ਪ੍ਰਦੇਸ ਵਿੱਚ ਅੱਜ ਵੱਖ-ਵੱਖ ਥਾਵਾਂ ’ਤੇ ਭਾਰੀ ਮੀਂਹ ਪਿਆ, ਜਿਸ ਕਾਰਨ ਕਰੀਬ 146 ਸੜਕਾਂ ਬੰਦ ਹੋਣ ਕਰ ਕੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ। ਸੂਬੇ ਵਿੱਚ ਮੀਂਹ ਕਾਰਨ 300 ਤੋਂ ਵੱਧ ਬਿਜਲੀ ਸਕੀਮਾਂ ਵੀ ਪ੍ਰਭਾਵਿਤ ਹੋਈਆਂ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਸ਼ਿਮਲਾ ਮੌਸਮ ਵਿਭਾਗ ਨੇ ਸੂਬੇ ਵਿੱਚ ਕਈ ਥਾਵਾਂ ’ਤੇ ਬੁੱਧਵਾਰ ਤੱਕ ਭਾਰੀ ਮੀਂਹ ਪੈਣ ਦੀ ‘ਯੈੱਲੋ’ ਚਿਤਾਵਨੀ ਜਾਰੀ ਕੀਤੀ ਹੈ। ਇਸ ਦੌਰਾਨ ਬੂਟਿਆਂ, ਫਸਲਾਂ, ਕਮਜ਼ੋਰ ਢਾਂਚਿਆਂ ਅਤੇ ਕੱਚੇ ਮਕਾਨਾਂ ਨੂੰ ਨੁਕਸਾਨ ਪਹੁੰਚਣ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ।
ਸੂਬਾਈ ਐਮਰਜੈਂਸੀ ਅਪ੍ਰੇਸ਼ਨ ਕੇਂਦਰ ਨੇ ਦੱਸਿਆ ਕਿ ਅੱਜ ਸਵੇਰੇ ਪਏ ਭਾਰੀ ਮੀਂਹ ਕਾਰਨ ਸ਼ਿਮਲਾ ਵਿੱਚ 48 ਸੜਕਾਂ, ਮੰਡੀ ਵਿੱਚ 43, ਕੁੱਲੂ ’ਚ 33, ਕਾਂਗੜਾ ਵਿੱਚ 10, ਸੋਲਨ ਵਿੱਚ ਪੰਜ, ਸਿਰਮੌਰ ’ਚ ਤਿੰਨ, ਕਿੰਨੌਰ ਵਿੱਚ ਦੋ ਅਤੇ ਊਨਾ ਤੇ ਬਿਲਾਸਪੁਰ ਜ਼ਿਲ੍ਹਿਆਂ ’ਚ ਇਕ-ਇਕ ਸੜਕ ਨੁਕਸਾਨੀ ਗਈ। ਕੇਂਦਰ ਮੁਤਾਬਕ, ਸੂਬੇ ਵਿੱਚ ਮੀਂਹ ਕਾਰਨ 301 ਬਿਜਲੀ ਤੇ 20 ਜਲ ਸਪਲਾਈ ਸਕੀਮਾਂ ਵੀ ਪ੍ਰਭਾਵਿਤ ਹੋਈਆਂ ਹਨ।
ਅੰਕੜਿਆਂ ਮੁਤਾਬਕ, ਐਤਵਾਰ ਸ਼ਾਮ ਤੋਂ ਸੋਮਵਾਰ ਸਵੇਰੇ 9 ਵਜੇ ਤੱਕ ਸੂਬੇ ਵਿੱਚ ਸਭ ਤੋਂ ਵੱਧ 142.6 ਮਿਲੀਮੀਟਰ ਮੀਂਹ ਨੈਣਾ ਦੇਵੀ ’ਚ ਦਰਜ ਕੀਤਾ ਗਿਆ। ਉਸ ਤੋਂ ਬਾਅਦ ਬੈਜਨਾਥ ’ਚ 120 ਮਿਲੀਮੀਟਰ, ਗੁਲੇਰ ’ਚ 78.4 ਮਿਲੀਮੀਟਰ, ਬਿਲਾਸਪੁਰ ’ਚ 60.2 ਮਿਲੀਮੀਟਰ, ਜੋਗਿੰਦਰਨਗਰ ’ਚ 57 ਮਿਲੀਮੀਟਰ, ਭਰਾਰੀ ’ਚ 50.4 ਮਿਲੀਮੀਟਰ, ਪਾਲਮਪੁਰ ’ਚ 47 ਮਿਲੀਮੀਟਰ, ਕਾਂਗੜਾ ’ਚ 44 ਮਿਲੀਮੀਟਰ ਅਤੇ ਧਰਮਸ਼ਾਲਾ ਵਿੱਚ 42.6 ਮਿਲੀਮੀਟਰ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਸੂਬੇ ਵਿੱਚ 27 ਜੂਨ ਤੋਂ 17 ਅਗਸਤ ਵਿਚਾਲੇ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਵਿੱਚ ਹੁਣ ਤੱਕ 122 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 1140 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। -ਪੀਟੀਆਈ