ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਦਸੰਬਰ
ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਮੰਗ ਕੀਤੀ ਹੈ ਕਿ ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਬਾਰੇ ਇੱਕ ਅਧਿਆਏ ਐੱਨਸੀਈਆਰਟੀ ਅਤੇ ਦੇਸ਼ ਭਰ ਦੇ ਸਕੂਲਾਂ ਦੀਆਂ ਪਾਠ ਪੁਸਤਕਾਂ ਵਿੱਚ ਸ਼ਾਮਲ ਕੀਤਾ ਜਾਵੇ। ਸ੍ਰੀ ਸਾਹਨੀ ਨੇ ਕਿਹਾ ਕਿ ਮੌਜੂਦਾ ਸਮੇਂ ਐੱਨਸੀਈਆਰਟੀ ਦੀ ਕਿਸੇ ਵੀ ਪਾਠ ਪੁਸਤਕ ਵਿੱਚ ਅਜਿਹਾ ਕੋਈ ਪਾਠ ਨਹੀਂ ਹੈ। ਉਨ੍ਹਾਂ ਪ੍ਰਧਾਨ ਮੰਤਰੀ ਕੋਲੋਂ ਮੰਗ ਕੀਤੀ ਹੈ ਕਿ ਸਾਹਿਬਜ਼ਾਦਿਆਂ ਨੂੰ ਢੁੱਕਵੀਂ ਸ਼ਰਧਾਂਜਲੀ ਵਜੋਂ ਗਣਤੰਤਰ ਦਿਵਸ ਮੌਕੇ ਬਹਾਦਰ ਬੱਚਿਆਂ ਅਤੇ ਨੌਜਵਾਨਾਂ ਲਈ ਕੌਮੀ ਸਾਹਿਬਜ਼ਾਦਾ ਬਹਾਦਰੀ ਪੁਰਸਕਾਰ ਸ਼ੁਰੂ ਕੀਤੇ ਜਾਣ। ਜ਼ਿਕਰਯੋਗ ਹੈ ਕਿ ਸ੍ਰੀ ਸਾਹਨੀ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸਿੱਖ ਗੁਰੂਆਂ ਦੇ ਇਤਿਹਾਸ, ਬਹਾਦਰੀ ਅਤੇ ਬਲੀਦਾਨ ਬਾਰੇ ਗੁਰੂ ਤੇਗ ਬਹਾਦਰ ਹੋਲੋਗ੍ਰਾਫਿਕ ਮਲਟੀਮੀਡੀਆ ਸ਼ੋਅ ਦੀ ਸਥਾਪਨਾ ਕੀਤੀ ਹੈ। ਇਸ ਵਿੱਚ ਦਰਸ਼ਕਾਂ ਲਈ ਰੋਜ਼ਾਨਾ ਸ਼ੋਅ ਕਰਵਾਏ ਜਾ ਰਹੇ ਹਨ।