ਸੋਨਭੱਦਰ (ਉੱਤਰ ਪ੍ਰਦੇਸ਼), 29 ਮਈ
ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਅੱਜ ਦਾਅਵਾ ਕੀਤਾ ਕਿ ਜੇਕਰ ਭਾਜਪਾ ਕੇਂਦਰ ’ਚ ਮੁੜ ਸੱਤਾ ਹਾਸਲ ਕਰਦੀ ਹੈ ਤਾਂ ਉਹ ‘‘ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ’’ ਰੱਦ ਕੀਤੇ ਗਏ ਖੇਤੀ ਕਾਨੂੰਨਾਂ ਵਰਗੇ ਨਵੇਂ ਕਾਨੂੰਨ ਲਿਆਏਗੀ। ਉਨ੍ਹਾਂ ਨੇ ਵਾਅਦਾ ਕੀਤਾ ਕਿ ਜੇਕਰ ਲੋਕ ਸਭਾ ਚੋਣਾਂ ਮਗਰੋਂ ‘ਇੰਡੀਆ’ ਗੱਠਜੋੜ ਜਿੱਤ ਕੇ ਸੱਤਾ ’ਚ ਆਇਆ ਤਾਂ ਨੌਜਵਾਨਾਂ ਨੂੰ ‘ਰਿਕਾਰਡ’ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।
ਰੌਬਰਟਗੰਜ ਲੋਕ ਸਭਾ ਸੀਟ ਤੋਂ ਸਪਾ ਉਮੀਦਵਾਰ ਛੋਟੇਲਾਲ ਖਰਵਾੜ ਦੇ ਹੱਕ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਯਾਦਵ ਨੇ ਵਾਅਦਾ ਕੀਤਾ ਕਿ ਜੇਕਰ ਇੰਡੀਆ ਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਇਹ ਕਿਸਾਨਾਂ ਦਾ ਸਾਰਾ ਕਰਜ਼ ਮੁਆਫ਼ ਕਰੇਗੀ। ਉਨ੍ਹਾਂ ਕਿਹਾ ਕਿ ਕੇਂਦਰ ’ਚ ਸੱਤਾ ਬਰਕਰਾਰ ਰੱਖਣ ਲਈ ਪਾਰਟੀ ਵਾਸਤੇ ਵੋਟ ਮੰਗਣ ਵਾਲੇ ਭਾਜਪਾ ਆਗੂ ਉਹੀ ਲੋਕ ਹਨ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਕਥਿਤ ਕਾਲੇ ਖੇਤੀ ਕਾਨੂੰਨ ਲਿਆਏ ਸਨ। ਯਾਦਵ ਮੁਤਾਬਕ, ‘‘ਕਾਲੇ ਕਾਨੂੰਨ ਸਿਰਫ਼ ਕਿਸਾਨਾਂ ਦੇ ਅੰਦੋਲਨ ਕਾਰਨ ਰੱਦ ਹੋਏ ਸਨ, ਜਿਹੜੇ ਇਨ੍ਹਾਂ ਖ਼ਿਲਾਫ਼ ਇਕਜੁੱਟ ਸਨ। ਕਾਲੇ ਕਾਨੂੰਨ ਰੱਦ ਹੋ ਚੁੱਕੇ ਹਨ ਪਰ ਸਾਨੂੰ ਹਾਲੇ ਵੀ ਚੌਕਸ ਰਹਿਣ ਦੀ ਲੋੜ ਹੈ। ਜੇਕਰ ਉਹ ਸੱਤਾ ’ਚ ਵਾਪਸ ਆਏ ਤਾਂ ਉਹ ਕਿਸਾਨਾਂ ਅਤੇ ਆਦਿਵਾਸੀਆਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਲਈ ਇਹੋ ਜਿਹੇ ਕਾਨੂੰਨ ਫਿਰ ਲਿਆਉਣਗੇ।’’ ਉਨ੍ਹਾਂ ਨੇ ਇਹ ਦੋਸ਼ ਵੀ ਲਾਇਆ ਕਿ ਮੋਦੀ ਸਰਕਾਰ ਖਾਦਾਂ ਮਹਿੰਗੀਆਂ ਕਰਕੇ ਕਿਸਾਨਾਂ ਦੋ ਸ਼ੋਸ਼ਣ ਕਰ ਰਹੀ ਹੈ। -ਪੀਟੀਆਈ