ਉਜੈਨ, 19 ਸਤੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਲੋਕਾਂ ਤੋਂ ਸਵੱਛਤਾ ਦੀ ਦਿਸ਼ਾ ’ਚ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਵੱਛਤਾ ਨਾਲ ਹੀ ਭਾਰਤ ਸਿਹਤਮੰਦ ਅਤੇ ਵਿਕਸਤ ਬਣੇਗਾ। ਉਨ੍ਹਾਂ ਚੇਤੇ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੇ ਸਮਾਜਿਕ ਜੀਵਨ ਦੀ ਸ਼ੁਰੂਆਤ ਆਪਣੇ ਜੱਦੀ ਸ਼ਹਿਰ ਵਿੱਚ ਸਵੱਛਤਾ ਨਾਲ ਕੀਤੀ ਸੀ। ਇਥੇ ਸਫ਼ਾਈ ਮਿੱਤਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁਰਮੂ ਨੇ ਸਵੱਛਤਾ ਸਰਵੇਖਣ ’ਚ ਲਗਾਤਾਰ ਸੱਤਵੀਂ ਵਾਰ ਸਿਖ਼ਰ ’ਤੇ ਰਹਿਣ ਲਈ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਅਤੇ ਦੇਸ਼ ਵਿੱਚ ਸਭ ਤੋਂ ਸਵੱਛ ਸੂਬੇ ਦੀ ਰਾਜਧਾਨੀ ਹੋਣ ਲਈ ਭੁਪਾਲ ਦੀ ਵੀ ਪ੍ਰਸ਼ੰਸਾ ਕੀਤੀ।
ਉਨ੍ਹਾਂ ਕਿਹਾ, ‘ਸਫ਼ਾਈ ਮਿੱਤਰਾਂ (ਸਫ਼ਾਈ ਕਰਮਚਾਰੀਆਂ) ਨੂੰ ਸਨਮਾਨਿਤ ਕਰਦਿਆਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਸਵੱਛਤਾ ਨਾਲ ਹੀ ਦੇਸ਼ ਸਿਹਤਮੰਦ ਅਤੇ ਵਿਕਸਤ ਬਣੇਗਾ। ਸਫ਼ਾਈ ਮਿੱਤਰਾਂ ਨੂੰ ਸਨਮਾਨਿਤ ਕਰਦਿਆਂ ਅਸੀਂ ਖ਼ੁਦ ਨੂੰ ਸਨਮਾਨਿਤ ਕਰ ਰਹੇ ਹਾਂ।’ ਮੁਰਮੂ ਨੇ ਲੋਕਾਂ ਤੋਂ ਦੇਸ਼ ਨੂੰ ‘ਸਵੱਛ, ਸਿਹਤਮੰਦ ਅਤੇ ਵਿਕਸਤ’ ਬਣਾਉਣ ਲਈ ਇੱਕ ਕਦਮ ਅੱਗੇ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘ਅਸੀਂ ਜਾਣਦੇ ਹਾਂ ਕਿ ਸਵੱਛਤਾ ਵੱਲ ਇੱਕ ਕਦਮ ਦੇਸ਼ ਨੂੰ ਸਾਫ਼ ਰੱਖਣ ’ਚ ਮਦਦ ਕਰੇਗਾ।’ ਰਾਸ਼ਟਰਪਤੀ ਨੇ ਸਕੂਲਾਂ ਵਿੱਚ ਵਿਦਿਆਰਥਣਾਂ ਲਈ ਪਖ਼ਾਨਿਆਂ ਦਾ ਪ੍ਰਬੰਧ ਕਰਨ ਲਈ ਸਰਕਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਲੜਕੀਆਂ ਦੇ ਸਾਖਰਤਾ ਦਾ ਪੱਧਰ ਵਧਿਆ ਹੈ। ਇਸ ਮੌਕੇ ਰਾਸ਼ਟਰਪਤੀ ਮੁਰਮੂ ਨੇ ਚਾਰ ਮਹਿਲਾਵਾਂ ਸਣੇ ਪੰਜ ਸਫ਼ਾਈ ਮਿੱਤਰਾਂ ਦਾ ਸਨਮਾਨ ਕੀਤਾ ਅਤੇ 1692 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਉਜੈਨ-ਇੰਦੌਰ ਛੇ ਮਾਰਗੀ ਸੜਕ ਦਾ ਨੀਂਹ ਪੱਥਰ ਵੀ ਰੱਖਿਆ। ਸੰਮੇਲਨ ਨੂੰ ਰਾਜਪਾਲ ਮੰਗੂ ਭਾਈ ਪਟੇਲ ਅਤੇ ਮੁੱਖ ਮੰਤਰੀ ਮੋਹਨ ਯਾਦਵ ਨੇ ਵੀ ਸੰਬੋਧਨ ਕੀਤਾ।
ਇਸ ਮਗਰੋਂ ਰਾਸ਼ਟਰਪਤੀ ਨੇ ਪ੍ਰਸਿੱਧ ਮਹਾਕਾਲੇਸ਼ਵਰ ਮੰਦਰ ’ਚ ਮੱਥਾ ਟੇਕਿਆ। ਉਨ੍ਹਾਂ ਉਜੈਨ ਦੇ ਸ੍ਰੀ ਮਹਾਕਾਲ ਲੋਕ ਵਿੱਚ ਮੂਰਤੀਆਂ ਤਰਾਸ਼ ਰਹੇ ਕਾਰੀਗਰਾਂ ਨਾਲ ਗੱਲਬਾਤ ਕੀਤੀ। -ਪੀਟੀਆਈ
ਦੋ ਦਿਨ ਦੇ ਦੌਰੇ ’ਤੇ ਰਾਂਚੀ ਪੁੱਜੇ ਰਾਸ਼ਟਰਪਤੀ ਮੁਰਮੂ
ਰਾਂਚੀ:
ਰਾਸ਼ਟਰਪਤੀ ਦਰੋਪਦੀ ਮੁਰਮੂ ਦੋ ਰੋਜ਼ਾ ਦੌਰੇ ਲਈ ਅੱਜ ਦੇਰ ਸ਼ਾਮ ਰਾਂਚੀ ਪੁੱਜ ਗਏ। ਉਹ ਭਲਕੇ ਇੱਥੇ ਹੋਣ ਵਾਲੇ ਆਈਸੀਏਆਰ-ਐੱਨਆਈਐੱਸਏ ਦੇ ਸ਼ਤਾਬਦੀ ਸਮਾਰੋਹ ਵਿੱਚ ਸ਼ਿਰਕਤ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਮੁਰਮੂ ਕਰੀਬ ਸੱਤ ਵਜੇ ਰਾਂਚੀ ਪੁੱਜੇ ਅਤੇ ਰਾਤ ਦੇ ਠਹਿਰਾਅ ਲਈ ਰਾਜ ਭਵਨ ਚਲੇ ਗਏ। ਰਾਂਚੀ ਦੇ ਐੱਸਐੱਸਪੀ ਚੰਦਨ ਕੁਮਾਰ ਸਿਨਹਾ ਨੇ ਦੱਸਿਆ, ‘ਅਸੀਂ ਰਾਸ਼ਟਰਪਤੀ ਦੇ ਦੌਰੇ ਦੇ ਮੱਦੇਨਜ਼ਰ ਤਿੰਨ ਪਰਤੀ ਸੁਰੱਖਿਆ ਪ੍ਰਬੰਧ ਕੀਤੇ ਹਨ, ਜਿਨ੍ਹਾਂ ਵਿੱਚ ਤਿੰਨ ਸਥਾਨਾਂ, ਹਵਾਈ ਅੱਡੇ, ਰਾਜ ਭਵਨ ਅਤੇ ਆਈਸੀਏਆਰ ਦੇ ਪ੍ਰੋਗਰਾਮ ਵਾਲੇ ਸਥਾਨ ’ਤੇ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ।’ ਉਨ੍ਹਾਂ ਕਿਹਾ ਕਿ ਕਈ ਥਾਈਂ ਆਵਾਜਾਈ ਨੂੰ ਤਬਦੀਲ ਕਰ ਦਿੱਤਾ ਗਿਆ ਹੈ। -ਪੀਟੀਆਈ