ਨਵੀਂ ਦਿੱਲੀ, 16 ਸਤੰਬਰ
ਭਾਰਤੀ ਡਿਜ਼ਾਈਨਰ ਸਬਿਆਸਾਚੀ ਮੁਖਰਜੀ ਅਤੇ ਗੌਰਵ ਗੁਪਤਾ ਨੇ ‘ਐਮੀ ਐਵਾਰਡਜ਼ 2024’ ਆਪਣੀ ਮੌਜੂਦਗੀ ਦਰਜ ਕਰਵਾਈ। ਅਦਾਕਾਰਾ ਲੌਰਾ ਡਰਨ ਨੇ ਲਾਸ ਏਂਜਲਸ ਦੇ ਪੀਕੌਕ ਥੀਏਟਰ ਵਿੱਚ ਹੋਏ ਸਮਾਰੋਹ ਵਿੱਚ ਦਿਲ ਖਿੱਚਵੇਂ ਗਹਿਣੇ ਪਹਿਨੇ ਹੋਏ ਸਨ। ਲੌਰਾ ਡਰਨ ਨੇ ‘ਐਪਲ ਟੀਵੀ+ ਦੀ ਟੈਲੀਵਿਜ਼ਨ ਲੜੀ ‘ਪਾਮ ਆਇਲ’ ਵਿੱਚ ਅਦਾਕਾਰੀ ਕੀਤੀ ਹੈ ਅਤੇ ਉਹ ਇਸ ਲੜੀ ਦੀ ਕਾਰਜਕਾਰੀ ਨਿਰਮਾਤਾ ਵੀ ਸੀ। ਸੋਸ਼ਲ ਮੀਡੀਆ ਪਲੈਟਫਾਰਮ ‘ਇੰਸਟਾਗ੍ਰਾਮ’ ਉੱਤੇ ਸਬਿਆਸਾਚੀ ਮੁਖਰਜੀ ਦੇ ਬਰਾਂਡ ਸਬਿਆਸਾਚੀ ਨੇ ਐਮੀ ਐਵਾਰਡਜ਼ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਉਹ (ਡਰਨ) ਸਬਿਆਸਾਚੀ ਵੱਲੋਂ ਡਿਜ਼ਾਈਨ ਕੀਤੇ ਗਹਿਣੇ ਪਹਿਨੀ ਹੋਈ ਦਿਖ ਰਹੀ ਹੈ। ਮੁਖਰਜੀ ਦੇ ਬਰਾਂਡ (ਸਬਿਆਸਾਚੀ) ਨੇ ਕਿਹਾ, ‘ਡਰਨ ਨੇ ਐਮੀ ਐਵਾਰਡਜ਼’ ਦੇ 76ਵੇਂ ਐਡੀਸ਼ਨ ਵਿੱਚ ਸਬਿਆਸਾਚੀ ਜਿਊਲਰੀ ਦੇ ਝੁਮਕੇ, ਚੂੜੀ ਅਤੇ ਹਾਰ ਪਹਿਨਿਆ।’ ਪ੍ਰੋਗਰਾਮ ਵਿੱਚ ਨੈੱਟਫਲਿਕਸ ਦੀ ਚੀਫ਼ ਕੰਟੈਂਟ ਆਫ਼ਿਸਰ ਬੇਲਾ ਬਜਰੀਆ ਸਬਿਆਸਾਚੀ ਹੈਰੀਟੇਜ ਬਰਾਈਡਲ ਕੁਲੈਕਸ਼ਨ ਦਾ ਮਟਕਾ ਲਹਿੰਗਾ ਪਹਿਨੀ ਹੋਈ ਦਿਖੀ। ‘ਦਿ ਆਫ਼ਿਸ’, ‘ਦਿ ਮਿੰਡੀ ਪ੍ਰਾਜੈਕਟ’ ਅਤੇ ‘ਨੈਵਰ ਹੈਵ ਆਈ ਐਵਰ’ ਲਈ ਮਸ਼ਹੂਰ ਅਦਾਕਾਰਾ ਮਿੰਡੀ ਕੈਲਿੰਗ ਨੇ ਐਮੀ ਐਵਾਰਡਜ਼ ਦੇ 76ਵੇਂ ਐਡੀਸ਼ਨ ਦੇ ਆਪਣੇ ਕੱਪੜਿਆਂ ਲਈ ਆਪਣੇ ਪਸੰਦ ਦੇ ਡਿਜ਼ਾਈਨਰ ਗੌਰਵ ਗੁਪਤਾ ਨੂੰ ਚੁਣਿਆ। ਕਲਿੰਗ ਨੇ ਗੌਰਵ ਗੁਪਤਾ ਵੱਲੋਂ ਡਿਜ਼ਾਈਨ ਕੀਤਾ ਕਾਲੇ ਰੰਗ ਦਾ ਗਾਊਨ ਪਹਿਨਿਆ ਸੀ। ਉਸ ਨੇ ਇੰਸਟਾਗ੍ਰਾਮ ’ਤੇ ਇਸ ਪੁਸ਼ਾਕ ਵਿੱਚ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਗਾਊਨ ਨੂੰ ਗੌਰਵ ਗੁਪਤਾ ਦੀ ‘ਡਰੀਮ ਡਰੈੱਸ’ ਦੱਸਿਆ। ਅਦਾਕਾਰਾ ਰੈਬਲ ਵਿਲਸਨ ਅਤੇ ਐਲੀਸਨ ਜੈਨੀ ਨੇ ਵੀ ਗੁਪਤਾ ਵੱਲੋਂ ਡਿਜ਼ਾਈਨ ਕੀਤੇ ਗਏ ਕੱਪੜੇ ਪਹਿਨੇ। -ਪੀਟੀਆਈ