ਭੁਪਾਲ, 25 ਜਨਵਰੀ
ਮੱਧ ਪ੍ਰਦੇਸ਼ ਦੇ ਭੁਪਾਲ ਦੀ ਰਹਿਣ ਵਾਲੀ ਇਕ ਔਰਤ ਨੇ ਵਿਆਹ ਦੇ ਅੱਠ ਮਹੀਨੇ ਬਾਅਦ ਤਲਾਕ ਲਈ ਅਰਜ਼ੀ ਇਸ ਲਈ ਦਾਇਰ ਕਰ ਦਿੱਤੀ ਕਿਉਂਕਿ ਉਸ ਦਾ ਪਤੀ ਉਸ ਨੂੰ ਹਨੀਮੂਨ ਲਈ ਗੋਆ ਦੀ ਬਜਾਏ ਆਪਣੇ ਮਾਪਿਆਂ ਸਣੇ ਵਾਰਾਣਸੀ ਅਤੇ ਅਯੁੱਧਿਆ ਲੈ ਗਿਆ ਸੀ। ਫੈਮਿਲੀ ਕੋਰਟ ਮੈਰਿਜ ਦੀ ਕਾਉੂਂਸਲਰ ਸ਼ੈਲ ਅਵਸਥੀ ਨੇ ਦੱਸਿਆ ਕਿ ਤਲਾਕ ਦੀ ਅਰਜ਼ੀ ਕਾਉੂਂਸਲਿੰਗ ਪੜਾਅ ‘ਤੇ ਪੈਂਡਿੰਗ ਹੈ ਅਤੇ ਪਤੀ-ਪਤਨੀ ਵਿਚਕਾਰ ਸਮਝੌਤਾ ਕਰਾਉਣ ਦੇ ਯਤਨ ਕੀਤੇ ਜਾ ਰਹੇ ਹਨ। ਅਵਸਥੀ ਨੇ ਕਿਹਾ ਕਿ ਇਨ੍ਹਾਂ ਦਾ ਪਿਛਲੇ ਸਾਲ 3 ਮਈ ਨੂੰ ਵਿਆਹ ਹੋਇਆ ਸੀ। ਔਰਤ ਨੇ ਪਤੀ ’ਤੇ ਹਨੀਮੂਨ ’ਤੇ ਵਿਦੇਸ਼ ਜਾਣ ਲਈ ਜ਼ੋਰ ਪਾਇਆ ਕਿਉਂਕਿ ਉਨ੍ਹਾਂ ਦੀ ਕਮਾਈ ਚੰਗੀ ਸੀ। ਜਾਣਕਾਰੀ ਅਨੁਸਾਰ ਪਤੀ ਇੱਕ ਆਈਟੀ ਪ੍ਰੋਫੈਸ਼ਨਲ ਹੈ, ਜਦੋਂ ਕਿ ਔਰਤ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੀ ਹੈ। ਅਧਿਕਾਰੀ ਨੇ ਅੱਗੇ ਕਿਹਾ ਕਿ ਪਤੀ ਹਨੀਮੂਨ ਲਈ ਵਿਦੇਸ਼ ਜਾਣ ਤੋਂ ਝਿਜਕ ਰਿਹਾ ਸੀ ਅਤੇ ਬਾਅਦ ਵਿੱਚ ਗੋਆ ਜਾਂ ਦੱਖਣੀ ਭਾਰਤ ਵਿੱਚ ਕਿਤੇ ਵੀ ਹਨੀਮੂਨ ’ਤੇ ਜਾਣ ਲਈ ਰਾਜ਼ੀ ਹੋ ਗਿਆ ਪਰ ਮਾਤਾ-ਪਿਤਾ ਦੀ ਵੀ ਦੇਖਭਾਲ ਲਈ ਉਹ ਚਿੰਤਤ ਸੀ।
ਅਵਸਥੀ ਨੇ ਦੱਸਿਆ ਕਿ ਪਤੀ ਨੇ ਆਪਣੀ ਪਤਨੀ ਨੂੰ ਦੱਸੇ ਬਿਨਾਂ ਅਯੁੱਧਿਆ ਅਤੇ ਵਾਰਾਣਸੀ ਲਈ ਫਲਾਈਟ ਦੀਆਂ ਟਿਕਟਾਂ ਬੁੱਕ ਕੀਤੀਆਂ ਅਤੇ ਰਵਾਨਗੀ ਤੋਂ ਇਕ ਦਿਨ ਪਹਿਲਾਂ ਉਸ ਨੂੰ ਯਾਤਰਾ ਬਾਰੇ ਦੱਸਿਆ। ਉਸ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਉਸ ਦੀ ਮਾਂ ਰਾਮ ਮੰਦਰ ਦੀ ਮੂਰਤੀ ਦੀ ਰਸਮ ਤੋਂ ਪਹਿਲਾਂ ਅਯੁੱਧਿਆ ਜਾਣਾ ਚਾਹੁੰਦੀ ਹੈ। ਔਰਤ ਨੇ ਉਸ ਸਮੇਂ ਇਤਰਾਜ਼ ਨਹੀਂ ਕੀਤਾ ਪਰ ਪਰਿਵਾਰ ਦੇ ਵਾਪਸ ਆਉਣ ਤੋਂ ਬਾਅਦ ਦੋਵਾਂ ’ਚ ਤਕਰਾਰ ਹੋ ਗਿਆ। ਇਸ ਮਗਰੋਂ ਉਸ ਨੇ ਤਲਾਕ ਲਈ ਅਰਜ਼ੀ ਦਾਇਰ ਕਰ ਦਿੱਤੀ। -ਪੀਟੀਆਈ