ਨਵੀਂ ਦਿੱਲੀ, 2 ਸਤੰਬਰ
ਕਾਂਗਰਸ ਨੇ ਜੰਮੂ ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਛੇ ਹੋਰ ਉਮੀਦਵਾਰਾਂ ਦੀ ਦੂਜੀ ਸੂਚੀ ਅੱਜ ਜਾਰੀ ਕਰ ਦਿੱਤੀ ਹੈ। ਕਾਂਗਰਸ ਨੇ ਹੁਣ ਤੱਕ 15 ਉਮੀਦਵਾਰਾਂ ਦੇ ਨਾਮ ਤੈਅ ਕਰ ਦਿੱਤੇ ਹਨ। ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਜੰਮੂ ਕਸ਼ਮੀਰ ਦੇ ਪ੍ਰਦੇਸ਼ ਪ੍ਰਧਾਨ ਤਾਰਿਕ ਹਮੀਦ ਕਾਰਾ ਨੂੰ ਕੇਂਦਰੀ ਸ਼ਾਲਤੇਂਗ ਤੋਂ ਉਮੀਦਵਾਰ ਬਣਾਇਆ ਹੈ। ਕਾਂਗਰਸ ਦਾ ਸੂਬੇ ’ਚ ਨੈਸ਼ਨਲ ਕਾਨਫਰੰਸ ਨਾਲ ਗੱਠਜੋੜ ਹੈ। ਪਾਰਟੀ ਨੇ ਮੁਮਤਾਜ਼ ਖ਼ਾਨ ਨੂੰ ਰਿਆਸੀ, ਭੁਪੇਂਦਰ ਜਮਵਾਲ ਨੂੰ ਮਾਤਾ ਵੈਸ਼ਨੋ ਦੇਵੀ, ਇਫ਼ਤਿਖਾਰ ਅਹਿਮਦ ਨੂੰ ਰਾਜੌਰੀ, ਸ਼ਬੀਰ ਅਹਿਮਦ ਖ਼ਾਨ ਨੂੰ ਥਾਣਾਮੰਡੀ ਅਤੇ ਮੁਹੰਮਦ ਸ਼ਾਹਨਵਾਜ਼ ਚੌਧਰੀ ਨੂੰ ਸੂਰਨਕੋਟ ਤੋਂ ਟਿਕਟ ਦਿੱਤੀ ਹੈ। ਕਮੇਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੀ 34 ਉਮੀਦਵਾਰਾਂ ਦੇ ਨਾਮ ਤੈਅ ਕਰ ਲਏ ਹਨ। -ਪੀਟੀਆਈ
ਭਾਜਪਾ ਵੱਲੋਂ ਰਵਿੰਦਰ ਰੈਨਾ ਨੌਸ਼ਹਿਰਾ ਤੋਂ ਉਮੀਦਵਾਰ
ਜੰਮੂ:
ਭਾਜਪਾ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰਦਿਆਂ ਪਾਰਟੀ ਦੇ ਸੂਬਾ ਪ੍ਰਧਾਨ ਰਵਿੰਦਰ ਰੈਨਾ ਨੂੰ ਨੌਸ਼ਹਿਰਾ ਤੋਂ ਮੈਦਾਨ ’ਚ ਉਤਾਰਿਆ ਹੈ। ਭਾਜਪਾ ਹੁਣ ਤੱਕ 51 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਜਿਸ ’ਚੋਂ 14 ਉਮੀਦਵਾਰ ਕਸ਼ਮੀਰ ਵਾਦੀ ’ਚ ਖੜ੍ਹੇ ਕੀਤੇ ਗਏ ਹਨ। ਵਿਭੋਧ ਗੁਪਤਾ ਨੂੰ ਰਾਜੌਰੀ, ਐਜਾਜ਼ ਹੁਸੈਨ ਨੂੰ ਲਾਲ ਚੌਕ, ਆਰਿਫ਼ ਰਾਜਾ ਨੂੰ ਈਦਗਾਹ, ਅਲੀ ਮੁਹੰਮਦ ਮੀਰ ਨੂੰ ਖ਼ਾਨਸਾਹਿਬ ਅਤੇ ਜ਼ਾਹਿਦ ਹੁਸੈਨ ਨੂੰ ਚਰਾਰ-ਏ-ਸ਼ਰੀਫ਼ ਤੋਂ ਟਿਕਟ ਦਿੱਤੀ ਗਈ ਹੈ। -ਪੀਟੀਆਈ