ਸ੍ਰੀਨਗਰ, 8 ਅਗਸਤ
ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਕਰਵਾਉਣ ਸਬੰਧੀ ਤਿਆਰੀਆਂ ਦੇ ਜਾਇਜ਼ੇ ਲਈ ਚੋਣ ਕਮਿਸ਼ਨ ਦੀ ਟੀਮ ਅੱਜ ਤਿੰਨ ਰੋਜ਼ਾ ਦੌਰੇ ’ਤੇ ਇੱਥੇ ਪੁੱਜੀ। ਕਮਿਸ਼ਨ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਸਿਆਸੀ ਆਗੂਆਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਚੋਣਾਂ ਜਲਦੀ ਕਰਵਾਉਣ ਦੀ ਮੰਗ ਕੀਤੀ। ਵਿਧਾਨ ਸਭਾ ਚੋਣਾਂ ਕਰਵਾਉਣ ਲਈ ਸੁਪਰੀਮ ਕੋਰਟ ਵੱਲੋਂ ਦਿੱਤੀ 30 ਸਤੰਬਰ ਦੀ ਸਮਾਂ ਹੱਦ ਨੇੜੇ ਆਉਣ ’ਤੇ ਚੋਣ ਕਮਿਸ਼ਨ ਦੀ ਟੀਮ ਇੱਥੇ ਪੁੱਜੀ ਹੈ।
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੀ ਅਗਵਾਈ ਹੇਠਲੀ ਟੀਮ ਜਿਸ ’ਚ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਐੱਸਐੱਸ ਸੰਧੂ ਵੀ ਸ਼ਾਮਲ ਹਨ, ਨੇ ਸਿਆਸੀ ਦਲਾਂ ਦੇ ਨੁਮਾਇੰਦਿਆਂ ਦੇ ਨਾਲ ਨਾਲ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪੁਲੀਸ ਮੁਖੀਆਂ ਨਾਲ ਮੀਟਿੰਗ ਕੀਤੀ ਤੇ ਚੋਣਾਂ ਕਰਵਾਉਣ ਸਬੰਧੀ ਉਨ੍ਹਾਂ ਦੀ ਪ੍ਰਤੀਕਿਰਿਆ ਲਈ। ਦੱਸਣਯੋਗ ਹੈ ਕਿ ਜੰਮੂੁ-ਕਸ਼ਮੀਰ ’ਚ 2014 ਤੋਂ ਬਾਅਦ ਵਿਧਾਨ ਸਭਾ ਚੋਣਾਂ ਨਹੀਂ ਹੋਈਆਂ ਹਨ। ਸਾਲ 2018 ’ਚ ਵਿਧਾਨ ਸਭਾ ਭੰਗ ਹੋਣ ਮਗਰੋਂ 2019 ਦੇ ਸ਼ੁਰੂ ’ਚ ਚੋਣਾਂ ਹੋਣੀਆਂ ਸਨ। ਹਾਲਾਂਕਿ ਅਗਸਤ 2019 ’ਚ ਸੂਬੇ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ’ਚ ਵੰਡਣ ਮਗਰੋਂ ਵੱਖ-ਵੱਖ ਕਾਰਨਾਂ ਕਰਕੇ ਅਸੈਂਬਲੀ ਚੋਣਾਂ ਨਹੀਂ ਹੋ ਸਕੀਆਂ। ਇਸ ਮੌਕੇ ਸਿਆਸੀ ਆਗੂਆਂ ਨੇ ਆਖਿਆ ਕਿ ਉਨ੍ਹਾਂ ਨੇ ਜੰਮੂ -ਕਸ਼ਮੀਰ ’ਚ ਅਸੈਂਬਲੀ ਚੋਣਾਂ ਜਲਦੀ ਕਰਵਾਉਣ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ’ਚ ਜਮਹੂਰੀਅਤ ਦੀ ਬਹਾਲੀ ਲਈ ਚੋਣਾਂ ਦੌਰਾਨ ਸਾਰਿਆਂ ਨੂੰ ਬਰਾਬਰ ਮੌਕੇ ਦੇਣਾ ਯਕੀਨੀ ਬਣਾਉਣ ਦੀ ਮੰਗ ਕੀਤੀ। ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਦੇ ਪ੍ਰਧਾਨ ਆਰਐੱਸ ਪਠਾਣੀਆ ਨੇ ਕਿਹਾ, ‘‘ਪਾਰਟੀ ਚਾਹੁੰਦੀ ਹੈ ਕਿ ਸੁਪਰੀਮ ਕੋਰਟ ਵੱਲੋਂ ਦਿੱਤੀ ਮੋਹਲਤ ਅੰਦਰ ਹੀ ਚੋਣਾਂ ਕਰਵਾਈਆਂ ਜਾਣ।’’ ਨੈਸ਼ਨਲ ਕਾਨਫਰੰਸ ਦੇ ਕਾਰਜਕਾਰੀ ਪ੍ਰਧਾਨ ਨਾਸਿਰ ਅਸਲਮ ਵਾਨੀ ਨੇ ਕਿਹਾ, ‘‘ਅਸੀਂ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਜੰਮੂ-ਕਸ਼ਮੀਰ ਦੇ ਲੋਕ ਹੁਣ ਆਪਣੀ ਸਰਕਾਰ ਚਾਹੁੰਦੇ ਹਨ।’’ ਕਾਂਗਰਸ ਆਗੂ ਜੀਐੱਨ ਮੌਂਗਾ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਜਮਹੂਰੀਅਤ ਵਧਣੀ-ਫੁੱਲਣੀ ਚਾਹੀਦੀ ਹੈ। ਪੀਡੀਪੀ ਆਗੂ ਖੁਰਸ਼ੀਦ ਆਲਮ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਆਖਿਆ ਹੈ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਆਪਣੀ ਸਰਕਾਰ ਚੁਣਨ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ। ਚੋਣ ਕਮਿਸ਼ਨ ਦੀ ਟੀਮ ਸ਼ੁੱਕਰਵਾਰ ਨੂੰ ਮੁੱਖ ਸਕੱਤਰ ਅਟਲ ਡੁੱਲੂ ਤੇ ਡੀਜੀਪੀ ਆਰਆਰ ਸਵੈਨ ਨਾਲ ਮੁਲਾਕਾਤ ਕਰੇਗੀ। -ਪੀਟੀਆਈ
ਜੰਮੂ-ਕਸ਼ਮੀਰ ਦਾ ਸੂਬੇ ਦਾ ਦਰਜਾ ਅਕਤੂਬਰ ’ਚ ਬਹਾਲ ਹੋ ਸਕਦੈ: ਅਠਾਵਲੇ
ਸ੍ਰੀਨਗਰ:
ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇੇ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਦਾ ਸੂਬੇ ਦਾ ਦਰਜਾ ਬਹਾਲ ਹੋ ਸਕਦਾ ਹੈ ਅਤੇ ਉਥੇ ਅਕਤੂਬਰ ਮਹੀਨੇ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ। ਸਮਾਜਿਕ ਨਿਆਂ ਤੇ ਸ਼ਕਤੀਕਰਨ ਬਾਰੇ ਕੇਂਦਰੀ ਰਾਜ ਮੰਤਰੀ ਅਠਾਵਲੇ ਨੇ ਕਿਹਾ, ‘‘ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ ’ਚ ਅਕਤੂਬਰ ਮਹੀਨੇ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ। ਇਸ ਕਰਕੇ (ਜੰਮੂ-ਕਸ਼ਮੀਰ ਦਾ) ਸੂਬੇ ਦਾ ਦਰਜਾ ਬਹਾਲ ਕਰਨ ਦੇ ਨਾਲ-ਨਾਲ ਵਿਧਾਨ ਸਭਾ ਚੋਣਾਂ ਦਾ ਐਲਾਨ ਸ਼ਾਇਦ ਅਕਤੂਬਰ ਮਹੀਨੇ ’ਚ ਹੋ ਸਕਦਾ ਹੈ।’’ ਇਸ ਮੌਕੇ ਰਿਪਬਲਿਕ ਪਾਰਟੀ ਆਫ ਇੰਡੀਆ (ਅਠਾਵਲੇ) ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਕੇਂਦਰੀ ਸ਼ਾਸਿਤ ਪ੍ਰਦੇਸ਼ ’ਚ ਅਸੈਂਬਲੀ ਚੋਣਾਂ ’ਚ ਉਨ੍ਹਾਂ ਦੀ ਪਾਰਟੀ 10-15 ਉਮੀਦਵਾਰ ਮੈਦਾਨ ’ਚ ਉਤਾਰੇਗੀ। ਇਸ ਤੋਂ ਪਹਿਲਾਂ ਅਠਾਵਲੇ ਨੇ ਜੰਮੂ-ਕਸ਼ਮੀਰ ਦੇ ਰਾਜਪਾਲ ਮਨੋਜ ਸਿਨਹਾ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ। -ਪੀਟੀਆਈ