ਰਾਮਬਨ/ਜੰਮੂ, 26 ਅਗਸਤ
ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਅੱਜ ਇਕ ਪੇਂਡੂ ਇਲਾਕੇ ’ਚ ਬੱਦਲ ਫਟਣ ਤੋਂ ਬਾਅਦ ਇਕ ਔਰਤ ਤੇ ਉਸ ਦੇ ਦੋ ਬੱਚੇ ਲਾਪਤਾ ਹੋ ਗਏ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਰਾਮਬਨ ਦੇ ਡਿਪਟੀ ਕਮਿਸ਼ਨਰ ਬਸੀਰ-ਉਲ-ਹੱਕ ਚੌਧਰੀ ਨੇ ਕਿਹਾ ਕਿ ਕੁਮਾਤੇ, ਧਰਮਨ ਅਤੇ ਹੱਲਾ ਪਿੰਡਾਂ ਵਿੱਚ ਬੱਦਲ ਫਟਿਆ ਹੈ। ਬਚਾਅ ਟੀਮਾਂ ਮੌਕੇ ’ਤੇ ਪਹੁੰਚ ਚੁੱਕੀਆਂ ਹਨ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੀੜਤ ਲੋਕਾਂ ਦੀ ਮਦਦ ਲਈ ਸਾਰੇ ਸਰੋਤ ਲਗਾ ਦਿੱਤੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਬਾਅਦ ਦੁਪਹਿਰ ਕਰੀਬ 2.30 ਵਜੇ ਬੱਦਲ ਫਟਿਆ ਜਿਸ ਕਰ ਕੇ ਟਾਂਗਰ ਤੇ ਡਾਡੀ ਨਦੀਆਂ ਵਿੱਚ ਹੜ੍ਹ ਆ ਗਏ। ਜ਼ਿਲ੍ਹਾ ਵਿਕਾਸ ਕੌਂਸਲ ਦੇ ਮੈਂਬਰ ਮੁਹੰਮਦ ਸ਼ਫੀ ਜ਼ਰਗਰ ਨੇ ਕਿਹਾ ਕਿ ਬੱਦਲ ਫਟਣ ਤੋਂ ਬਾਅਦ ਆਏ ਹੜ੍ਹ ਵਿੱਚ ਰਾਜਗੜ੍ਹ ਤਹਿਸੀਲ ਵਿੱਚ ਪੈਂਦੇ ਕੁਮੈਤ ਹਾਲਾ ’ਚ ਸਥਿਤ ਇਕ ਮਕਾਨ ਨੁਕਸਾਨਿਆ ਗਿਆ। ਇਸ ਦੌਰਾਨ ਇਸ ਘਰ ਵਿੱਚ ਰਹਿਣ ਵਾਲੀ ਨਸੀਮਾ ਬੇਗਮ (42), ਉਸ ਦਾ ਪੁੱਤਰ ਯਾਸਿਰ ਅਹਿਮਦ (16) ਅਤੇ ਛੇ ਸਾਲਾ ਧੀ ਲਾਪਤਾ ਹੋ ਗਏ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਲਾਪਤਾ ਮੈਂਬਰਾਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਗਦਰਾਮ ਤੇ ਸੋਨਸੂਆ ਵਿੱਚ ਸਥਿਤ ਘੱਟੋ ਘੱਟ ਦੋ ਸਰਕਾਰੀ ਮਿਡਲ ਸਕੂਲ ਅਤੇ ਕਈ ਹੋਰ ਢਾਂਚੇ ਨੁਕਸਾਨੇ ਗਏ ਜਦਕਿ ਤਿੰਨ ਨਿੱਜੀ ਵਾਹਨ ਰੁੜ੍ਹ ਗਏ। -ਪੀਟੀਆਈ