* ਸੀਬੀਆਈ ਨੂੰ ਮੁਲਜ਼ਮ ਸੰਜੈ ਰਾਏ ਦਾ ਪੋਲੀਗ੍ਰਾਫ਼ ਟੈਸਟ ਕਰਵਾਉਣ ਦੀ ਇਜਾਜ਼ਤ
* ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਤੋਂ ਲਗਾਤਾਰ ਚੌਥੇ ਦਿਨ ਪੁੱਛ-ਪੜਤਾਲ
ਨਵੀਂ ਦਿੱਲੀ/ਕੋਲਕਾਤਾ, 19 ਅਗਸਤ
ਸੁਪਰੀਮ ਕੋਰਟ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਜੂਨੀਅਰ ਮਹਿਲਾ ਡਾਕਟਰ ਦੇ ਕਥਿਤ ਬਲਾਤਕਾਰ ਤੇ ਕਤਲ ਨਾਲ ਜੁੜੇ ਮਾਮਲੇ ’ਤੇ ਭਲਕੇ ਸੁਣਵਾਈ ਕਰੇਗੀ। ਸਰਬਉੱਚ ਅਦਾਲਤ ਨੇ ਐਤਵਾਰ ਨੂੰ ਇਸ ਮਾਮਲੇ ਦਾ ‘ਆਪੂੰ’ ਨੋਟਿਸ ਲੈਂਦਿਆਂ 20 ਅਗਸਤ ਨੂੰ ਸੁਣਵਾਈ ਕਰਨ ਦਾ ਫੈਸਲਾ ਕੀਤਾ ਸੀ। ਕੇਸ ਦੀ ਸੁਣਵਾਈ ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਵੱਲੋਂ ਕੀਤੀ ਜਾਣੀ ਹੈ। ਉਧਰ ਮੈਡੀਕਲ ਕੰਸਲਟੈਂਟਾਂ ਦੀਆਂ ਐਸੋਸੀਏਸ਼ਨਾਂ ਦੀ ਫੈਡਰੇਸ਼ਨ (ਐੱਫਏਐੱਮਸੀਆਈ) ਨੇ ਅੱਜ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਖ਼ਤਰਨਾਕ ਕੰਮਕਾਜੀ ਹਾਲਾਤ ਵੱਲ ਧਿਆਨ ਦਿਵਾਇਆ ਹੈ, ਜਿਸ ਵਿਚ ਸਿਹਤ ਸੰਭਾਲ ਨਾਲ ਜੁੜੇ ਪੇਸ਼ੇਵਰ ਕੰਮ ਕਰਨ ਲਈ ਮਜਬੂਰ ਹਨ।
ਫੈਡਰੇਸ਼ਨ ਦੇ ਦਾਅਵਾ ਕੀਤਾ ਕਿ ਭਾਰਤ ਵਿਚ ਡਾਕਟਰਾਂ ਖਿਲਾਫ਼ ਹਿੰਸਾ ਪੁਰਾਣਾ ਤੇ ਅਣਸੁਲਝਿਆ ਮੁੱਦਾ ਬਣ ਗਿਆ ਹੈ, ਜਿਸ ਦਾ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ। ਇਹ ਨਾ ਸਿਰਫ਼ ਵਿਅਕਤੀ ਵਿਸ਼ੇਸ਼ ਬਲਕਿ ਪੂਰੇ ਸਿਹਤ ਸੰਭਾਲ ਪ੍ਰਬੰਧ ਦੇ ਕੰਮਕਾਜ ਨੂੰ ਅਸਰਅੰਦਾਜ਼ ਕਰਦਾ ਹੈ। ਇਸ ਦੌਰਾਨ ਕੋਲਕਾਤਾ ਵਿਚ ਸਥਾਨਕ ਕੋਰਟ ਨੇ ਸੀਬੀਆਈ ਨੂੰ ਬਲਾਤਕਾਰ ਤੇ ਕਤਲ ਕੇਸ ਦੇ ਮੁਲਜ਼ਮ ਸੰਜੈ ਰਾਏ ਦਾ ਪੋਲੀਗ੍ਰਾਫ਼ ਟੈਸਟ ਕਰਵਾਉਣ ਦੀ ਖੁੱਲ੍ਹ ਦੇ ਦਿੱਤੀ ਹੈ। ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਸੁਖੇਂਦੂ ਸ਼ੇਖਰ ਰਾਏ ਨੇ ਅੱਜ ਕਲਕੱਤਾ ਹਾਈ ਕੋਰਟ ਦਾ ਰੁਖ਼ ਕਰਦਿਆਂ ਪੁਲੀਸ ਵੱਲੋਂ ਭੇਜੇ ਨੋਟਿਸ ਨੂੰ ਚੁਣੌਤੀ ਦਿੱਤੀ ਹੈ। ਕੋਲਕਾਤਾ ਪੁਲੀਸ ਨੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਟਰੇਨੀ ਡਾਕਟਰ ਨਾਲ ਕਥਿਤ ਬਲਾਤਕਾਰ ਤੇ ਕਤਲ ਮਾਮਲੇ ਦੇ ਸਬੰਧ ਵਿਚ ਰਾਏ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਲਈ ਉਨ੍ਹਾਂ ਨੂੰ ਨੋਟਿਸ ਭੇਜਿਆ ਸੀ। ਉਧਰ ਸੀਬੀਆਈ ਨੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਤੋਂ ਜੂਨੀਅਰ ਡਾਕਟਰ ਜਬਰ-ਜਨਾਹ ਤੇ ਕਤਲ ਮਾਮਲੇ ਵਿਚ ਅੱਜ ਲਗਾਤਾਰ ਚੌਥੇ ਦਿਨ ਪੁੱਛ-ਪੜਤਾਲ ਕੀਤੀ। ਸੀਬੀਆਈ ਅਧਿਕਾਰੀ ਪਿਛਲੇ ਤਿੰਨ ਦਿਨਾਂ ਵਿਚ ਘੋਸ਼ ਤੋਂ ਕਈ ਘੰਟਿਆਂ ਦੀ ਪੁੱਛਗਿੱਛ ਕਰ ਚੁੱਕੇ ਹਨ। ਸੀਬੀਆਈ ਅਧਿਕਾਰੀ ਘੋਸ਼ ਦੇ ਮੋਬਾਈਲ ਦੀ ਕਾਲ ਲਿਸਟ ਦੇ ਵੇਰਵਿਆਂ ਦੇ ਨਾਲ ਉਨ੍ਹਾਂ ਦੀ ਵੱਟਸਐਪ ਚੈਟ ਲਿਸਟ ਵੀ ਚੈੱਕ ਕਰ ਰਹੇ ਹਨ। ਇਸੇ ਦੌਰਾਨ ਕੋਲਕਾਤਾ ਪੁਲੀਸ ਨੇ ਪੀੜਤ ਜੂਨੀਅਰ ਡਾਕਟਰ ਦੀ ਕਥਿਤ ਪਛਾਣ ਨਸ਼ਰ ਕਰਨ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਧਮਕੀਆਂ ਦੇਣ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਤਾਲਤਾਲਾ ਪੁਲੀਸ ਥਾਣੇ ਵਿਚ ਦਰਜ ਸ਼ਿਕਾਇਤ ਦੇ ਅਧਾਰ ’ਤੇ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਧਰ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਮੰਤਰੀ ਉਦਯਨ ਗੁਹਾ ਨੇ ਇਹ ਕਹਿ ਕੇ ਵਿਵਾਦ ਸਹੇੜ ਲਿਆ ਕਿ ਜੂਨੀਅਰ ਡਾਕਟਰ ਨਾਲ ਕਥਿਤ ਜਬਰ-ਜਨਾਹ ਤੇ ਕਤਲ ਕੇਸ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫ਼ੇ ਦੀ ਮੰਗ ਕਰਨ ਵਾਲਿਆਂ ਦੀਆਂ ਉਂਗਲਾਂ ਤੋੜ ਦਿੱਤੀਆਂ ਜਾਣਗੀਆਂ। -ਪੀਟੀਆਈ
ਕੇਂਦਰੀ ਹਸਪਤਾਲਾਂ ਵਿਚ 25 ਫੀਸਦ ਸੁਰੱਖਿਆ ਤਾਇਨਾਤੀ ਵਧਾਉਣ ਨੂੰ ਮਨਜ਼ੂਰੀ
ਨਵੀਂ ਦਿੱਲੀ:
ਰੈਜ਼ੀਡੈਂਟ ਡਾਕਟਰਾਂ ਵੱਲੋਂ ਕੋਲਕਾਤਾ ਕਾਂਡ ਦੇ ਹਵਾਲੇ ਨਾਲ ਡਾਕਟਰਾਂ ਦੀ ਸੁਰੱਖਿਆ ਲਈ ਕੇਂਦਰੀ ਕਾਨੂੰਨ ਦੀ ਕੀਤੀ ਜਾ ਰਹੀ ਮੰਗ ਦਰਮਿਆਨ ਸਿਹਤ ਮੰਤਰਾਲੇ ਨੇ ਸਾਰੇ ਕੇਂਦਰੀ ਹਸਪਤਾਲਾਂ ਵਿਚ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ 25 ਫੀਸਦ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਸਟੈਂਡਰਡ ਸਕਿਓਰਿਟੀ ਪ੍ਰੋੋਟੋਕਾਲ ਤੋਂ ਇਲਾਵਾ ਮਾਰਸ਼ਲਾਂ ਦੀ ਤਾਇਨਾਤੀ ਨੂੰ ਵੀ ਹਰੀ ਝੰਡੀ ਦੇੇ ਦਿੱਤੀ ਹੈ। -ਪੀਟੀਆਈ
ਇੰਡੀਆ ਗੱਠਜੋੜ ਦੇ ਆਗੂ ‘ਸਿਆਸੀ ਗਿਰਝਾਂ’: ਭਾਜਪਾ
ਨਵੀਂ ਦਿੱਲੀ:
ਭਾਜਪਾ ਨੇ ਕਾਂਗਰਸ ਦੇ ਰਾਹੁਲ ਗਾਂਧੀ ਸਣੇ ਇੰਡੀਆ ਗੱਠਜੋੜ ਦੇ ਆਗੂਆਂ ਦੀ ਨਿਖੇਧੀ ਕਰਦਿਆਂ ਉਨ੍ਹਾਂ ਨੂੰ ‘ਸਿਆਸੀ ਗਿਰਝਾਂ’ ਦੱਸਿਆ ਹੈ। ਪਾਰਟੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ‘ਬੇਸ਼ਰਮ’ ਦੱਸਦਿਆਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਕਥਿਤ ਮਮਤਾ ਦੇ ਕਹਿਣ ’ਤੇ ਸਬੂਤ ਮਿਟਾਏ ਗਏ ਤਾਂ ਕਿ ਜੂਨੀਅਰ ਡਾਕਟਰ ਦੇ ਬਲਾਤਕਾਰ ਤੇ ਕਤਲ ਮਾਮਲੇ ’ਚ ਦੋਸ਼ੀਆਂ ਨੂੰ ਬਚਾਇਆ ਜਾ ਸਕੇ। ਪਾਰਟੀ ਦੇ ਕੌਮੀ ਤਰਜਮਾਨ ਗੌਰਵ ਭਾਟੀਆ ਨੇ ਕਿਹਾ, ‘‘ਮਮਤਾ ਬੈਨਰਜੀ ਮਮਤਾ ‘ਦਿ ਵਿਨਾਸ਼ਕ’ ਬਣ ਗਈ ਹੈ। ਆਪਣੇ ਮਾੜੇ ਕੰਮਾਂ ਨਾਲ ਉਨ੍ਹਾਂ ਇਕ ਮਹਿਲਾ, ਜੋ ਡਾਕਟਰ ਵਜੋਂ ਸਮਾਜ ਦੀ ਸੇਵਾ ਕਰ ਰਹੀ ਸੀ, ਦੇ ਗੌਰਵ ਨੂੰ ਤਬਾਹ ਕਰ ਦਿੱਤਾ ਹੈ। ਮਮਤਾ ਦੀ ਬੇਸ਼ਰਮੀ ਦੀ ਹੱਦ ਦੇਖੋ ਉਨ੍ਹਾਂ ਕੋਲਕਾਤਾ ਵਿਚ ਮਾਰਚ ਕੱਢਿਆ ਜਦੋਂ ਪੂਰਾ ਦੇਸ਼ ਬਲਾਤਕਾਰ ਤੇ ਕਤਲ ਦੀ ਇਸ ਭਿਆਨਕ ਘਟਨਾ ਤੋਂ ਪ੍ਰੇਸ਼ਾਨ ਹੈ…ਉਨ੍ਹਾਂ ਨੂੰ ਫੌਰੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ।’’ -ਪੀਟੀਆਈ
ਉੱਤਰ ਪ੍ਰਦੇਸ਼: ਡਾਕਟਰ ਵੱਲੋਂ ਦਲਿਤ ਨਰਸ ਨਾਲ ਜਬਰ-ਜਨਾਹ
ਮੁਰਾਦਾਬਾਦ:
ਉੱਤਰ ਪ੍ਰਦੇਸ਼ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਡਾਕਟਰ ਵੱਲੋਂ ਇੱਕ ਦਲਿਤ ਨਰਸ ਨਾਲ ਜਬਰ ਜਨਾਹ ਕੀਤਾ ਗਿਆ ਹੈ। ਪੀੜਤ ਦੇ ਪਿਤਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਇਹ ਘਟਨਾ ਲੰਘੀ ਅੱਧੀ ਰਾਤ ਦੇ ਕਰੀਬ ਵਾਪਰੀ। ਐੱਸਪੀ (ਦਿਹਾਤੀ) ਸੰਦੀਪ ਕੁਮਾਰ ਮੀਣਾ ਨੇ ਦੱਸਿਆ ਕਿ ਇਸ ਮਾਮਲੇ ’ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਪੀੜਤ 20 ਸਾਲਾ ਨਰਸ ਸ਼ਨਿਚਰਵਾਰ ਸ਼ਾਮ 7 ਵਜੇ ਡਿਊਟੀ ਕਰਨ ਲਈ ਹਸਪਤਾਲ ਗਈ ਸੀ। ਉਹ ਇੱਥੇ ਪਿਛਲੇ 7 ਮਹੀਨੇ ਤੋਂ ਕੰਮ ਕਰ ਰਹੀ ਸੀ। ਇੱਥੇ ਕੰਮ ਕਰਦੀ ਇੱਕ ਹੋਰ ਨਰਸ ਮਹਿਨਾਜ਼ ਨੇ ਰਾਤ ਨੂੰ ਪੀੜਤ ਨੂੰ ਡਾ. ਸ਼ਾਹਨਵਾਜ਼ ਦੇ ਕਮਰੇ ’ਚ ਜਾਣ ਲਈ ਕਿਹਾ। ਪੀੜਤ ਦੇ ਮਨ੍ਹਾ ਕਰਨ ’ਤੇ ਮਹਿਨਾਜ਼ ਤੇ ਵਾਰਡ ਬੁਆਏ ਜੁਨੈਦ ਉਸ ਨੂੰ ਜਬਰੀ ਡਾਕਟਰ ਦੇ ਕਮਰੇ ’ਚ ਲੈ ਗਏ ਜਿੱਥੇ ਡਾਕਟਰ ਨੇ ਕਥਿਤ ਤੌਰ ’ਤੇ ਨਰਸ ਨਾਲ ਜਬਰ ਜਨਾਹ ਕੀਤਾ। ਐੱਸਪੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ