ਨਵੀਂ ਦਿੱਲੀ, 12 ਅਗਸਤ
ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਨੂੰ ਅੱਜ ਇੱਥੇ ਅੰਤਿਮ ਵਿਦਾਇਗੀ ਦਿੱਤੀ ਗਈ, ਜਿਥੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਸਣੇ ਕਈ ਸਿਆਸੀ ਨੇਤਾਵਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਪਰਿਵਾਰਕ ਮੈਂਬਰਾਂ ਮੁਤਾਬਕ ਲੰਮਾ ਸਮਾਂ ਬਿਮਾਰ ਰਹਿਣ ਮਗਰੋਂ ਨਟਵਰ ਸਿੰਘ ਦਾ ਸ਼ਨਿਚਰਵਾਰ ਰਾਤ ਨੂੰ ਦੇਹਾਂਤ ਹੋ ਗਿਆ ਸੀ। ਉਹ 93 ਵਰ੍ਹਿਆਂ ਦੇ ਸਨ। ਨਟਵਰ ਸਿੰਘ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਸਮੇਂ ਦਿੱਲੀ ਦੇ ਲੋਧੀ ਰੋਡ ਸਥਿਤ ਸ਼ਮਸ਼ਾਨਘਾਟ ’ਚ ਕੀਤਾ ਗਿਆ।
ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਦੇ ਸਸਕਾਰ ਮੌਕੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ, ਕਾਂਗਰਸੀ ਆਗੂ ਭੁਪੇਂਦਰ ਸਿੰਘ ਹੁੱਡਾ ਅਤੇ ਕਈ ਹੋਰ ਆਗੂਆਂ ਤੋਂ ਇਲਾਵਾ ਨਟਵਰ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਸਾਬਕਾ ਕੇਂਦਰੀ ਮੰਤਰੀ ਕਈ ਹਫ਼ਤਿਆਂ ਤੋਂ ਦਿੱਲੀ ਨੇੜਲੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ’ਚ ਦਾਖਲ ਸਨ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ। ਨਟਵਰ ਸਿੰਘ ਦਾ ਜਨਮ 1931 ’ਚ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਜਘੀਨਾ ’ਚ ਹੋਇਆ ਸੀ। ਉਨ੍ਹਾਂ ਨੂੰ 1984 ’ਚ ਪਦਮ ਭੂਸ਼ਣ ਨਾਲ ਨਿਵਾਜਿਆ ਗਿਆ ਸੀ। ਨਟਵਰ ਸਿੰਘ 2004-05 ਦੌਰਾਨ ਵਿਦੇਸ਼ ਮੰਤਰੀ ਰਹੇ ਅਤੇ ਉਨ੍ਹਾਂ ਨੇ 1966 ਤੋਂ 1971 ਤੱਕ ਪਾਕਿਸਤਾਨ ’ਚ ਭਾਰਤੀ ਸਫ਼ੀਰ ਵਜੋਂ ਕੰਮ ਵੀ ਕੀਤਾ। ਕੇਂਦਰੀ ਮੰਤਰੀ ਸ਼ੇਖਾਵਤ ਨੇ ਨਟਵਰ ਸਿੰਘ ਦੇ ਚਲਾਣੇ ਨੂੰ ਰਾਜਨੀਤੀ ਤੇ ਕੂਟਨੀਤੀ ਦੇ ਖੇਤਰ ’ਚ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਨਟਵਰ ਸਿੰਘ ਵੱਲੋਂ ਦੇਸ਼ ਲਈ ਦਿੱਤੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। -ਪੀਟੀਆਈ
ਦੋਸਤਾਂ ਨੂੰ ਨਟਵਰ ਸਿੰਘ ਦਾ ਵਿਛੋੜਾ ਰੜਕੇਗਾ: ਸੋਨੀਆ ਗਾਂਧੀ
ਨਵੀਂ ਦਿੱਲੀ:
ਕਾਂਗਰਸ ਦੇ ਸੰਸਦੀ ਦੀ ਮੁਖੀ ਸੋਨੀਆ ਗਾਂਧੀ ਨੇ ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਕੌਮੀ ਮਾਮਲਿਆਂ ’ਚ ਅਹਿਮ ਯੋਗਦਾਨ ਦਿੱਤਾ। ਉਨ੍ਹਾਂ ਨੇ ਸਿੰਘ ਦੀ ਪਤਨੀ ਹੇਮਿੰਦਰ ਕੁਮਾਰੀ ਨੂੰ ਪੱਤਰ ਲਿਖ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਦੋਸਤਾਂ ਨੂੰ ਉਨ੍ਹਾਂ ਦੀ ਘਾਟ ਰਕੜੇਗੀ। ਪੱਤਰ ’ਚ ਸੋਨੀਆ ਗਾਂਧੀ ਨੇ ਲਿਖਿਆ, ‘‘ਤੁਹਾਡੇ ਜੀਵਨ ਸਾਥੀ ਦਾ ਵਿਛੋੜਾ ਯਕੀਨੀ ਤੌਰ ’ਤੇ ਤੁਹਾਡੇ ਲਈ ਦੁਖਦਾਈ ਹੋਵੇਗਾ। ਆਪਣੇ ਜੀਵਨ ਦੌਰਾਨ ਉਨ੍ਹਾਂ (ਨਟਵਰ ਸਿੰਘ) ਨੇ ਵੱਖ-ਵੱਖ ਖੇਤਰਾਂ ’ਚ ਅਹਿਮ ਯੋਗਦਾਨ ਦਿੱਤਾ ਅਤੇ ਆਪਣੇ ਪੇਸ਼ੇਵਰ ਕਰੀਅਰ ਦੌਰਾਨ ਕੌਮੀ ਮਾਮਲਿਆਂ ਨੂੰ ਦਿਸ਼ਾ ਦੇਣ ’ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੇ ਬਹੁਤ ਸਾਰੇ ਦੋਸਤਾਂ ਨੂੰ ਉਨ੍ਹਾਂ ਦਾ ਵਿਛੋੜਾ ਰੜਕੇਗਾ।’’ -ਪੀਟੀਆਈ