ਨਵੀਂ ਦਿੱਲੀ, 28 ਅਗਸਤ
ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਅੱਜ ਕਿਹਾ ਕਿ ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ ਗਿਣਤੀ ਪੱਖੋਂ ਨਹੀਂ, ਸਗੋਂ ਇਸ ਲਿਹਾਜ਼ ਨਾਲ ਅਹਿਮ ਹਨ ਕਿ ਇੱਕ ਵਾਰ ਫਿਰ ਭਾਰਤ ਨੂੰ ‘ਸਾਹ ਲੈਣ’ ਅਤੇ ਇਸ ਦੀਆਂ ਸੰਸਥਾਵਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ।
ਉਨ੍ਹਾਂ ‘ਪੀਟੀਆਈ’ ਦੇ ਵਿਸ਼ੇਸ਼ ਪ੍ਰੋਗਰਾਮ ‘@4ਪਾਰਲੀਮੈਂਟ ਸਟ੍ਰੀਟ’ ਵਿੱਚ ਖਬਰ ਏਜੰਸੀ ਦੇ ਸੰਪਾਦਕਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਜਪਾ ਇਸ ਗੱਲ ਨੂੰ ਸਵੀਕਾਰ ਕਰੇ ਜਾਂ ਨਾ ਕਰੇ ਪਰ ਕੁੱਝ ਮੁੱਦਿਆਂ ’ਤੇ ਸਰਕਾਰ ਦੇ ਹਾਲੀਆ ‘ਯੂ-ਟਰਨ’ ਗੱਠਜੋੜ ਸਿਆਸਤ ਦੀਆਂ ਹਕੀਕਤਾਂ ਨੂੰ ਦਰਸਾਉਂਦੇ ਹਨ। ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦਾ ਮੰਨਣਾ ਹੈ ਕਿ ਭਾਰਤ ਨੂੰ ‘ਜਮਹੂਰੀ ਸੁਧਾਰਾਂ ਦੀ ਦੂਸਰੀ ਲਹਿਰ’ ਦੀ ਲੋੜ ਹੈ ਅਤੇ ਦੇਸ਼ ਦੇ ਜਮਹੂਰੀ ਢਾਂਚੇ ਨੂੰ ਆਧਾਰ ਬਣਾਉਣ ਵਾਲੇ ਢਾਂਚੇ ਨੂੰ ਸੱਚਮੁੱਚ ਵੱਧ ਭਾਗੀਦਾਰ ਅਤੇ ਜਮਹੂਰੀ ਬਣਾਉਣ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਉਸ ਦੇ ਸਹਿਯੋਗੀ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਵੱਲ ਵਧ ਰਹੇ ਹਨ ਜਿਸ ਦਾ ਕੌਮੀ ਸਿਆਸਤ ’ਤੇ ਹਾਂ ਪੱਖੀ ਅਸਰ ਪਵੇਗਾ। ਲੋਕ ਸਭਾ ਚੋਣ ਨਤੀਜਿਆਂ ਮਗਰੋਂ ਬਦਲੇ ਦ੍ਰਿਸ਼ਟੀਕੋਣ ਬਾਰੇ ਪੁੱਛੇ ਜਾਣ ’ਤੇ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਤਿਵਾੜੀ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਕੌਮੀ ਜਮਹੂਰੀ ਗੱਠਜੋੜ (ਐਨਡੀਏ) ਦੇ ਸੰਸਦ ਮੈਂਬਰਾਂ ਦੀ ਗਿਣਤੀ ਲਗਪਗ 300 ਤੱਕ ਸੀਮਤ ਰੱਖਣ ਦੇ ਸਮਰੱਥ ਹੋਇਆ ਅਤੇ ਭਾਜਪਾ 240 ਤੱਕ ਸਿਮਟ ਗਈ ਹੈ।
ਉਨ੍ਹਾਂ ਕਿਹਾ, ‘‘ਸਭ ਤੋਂ ਚੰਗੀ ਸ਼ੁਰੂਆਤ ਇਹ ਹੋਈ ਕਿ ਇਸ ਨੇ ਇਸ ਦੇਸ਼ ਨੂੰ ਸਾਹ ਲੈਣ ਅਤੇ ਸੰਸਥਾਵਾਂ ਨੂੰ ਮੁੜ ਤੋਂ ਕੰਮ ਸ਼ੁਰੂ ਕਰਨ ਦਾ ਮੌਕਾ ਦਿੱਤਾ ਹੈ।’’ ਇਹ ਪੁੱਛੇ ਜਾਣ ’ਤੇ ਕਿ ਕੀ ਕਾਂਗਰਸ ਅੰਦਰ ਕਦੇ ‘ਜੀ23’ ਗਰੁੱਪ ਨੇ ਜਥੇਬੰਦਕ ਸੁਧਾਰਾਂ ਦਾ ਸੱਦਾ ਦਿੱਤਾ ਸੀ ਅਤੇ ਜੋ ਮੰਗਾਂ ਰੱਖੀਆਂ ਗਈਆਂ ਸਨ, ਕੀ ਉਹ ਪੂਰੀਆਂ ਹੋ ਗਈਆਂ? ਇਸ ’ਤੇ ਤਿਵਾੜੀ ਨੇ ਕਿਹਾ ਕਿ ਉਸ ਸਮੇਂ ਕੀਤੇ ਗਏ ਇਸ ਯਤਨ ਨੂੰ ਸੌੜੇ ਨਜ਼ਰੀਏ ਨਾਲ ਦੇਖਣਾ ਇਸ ਦਾ ਗ਼ਲਤ ਅਰਥ ਕੱਢਣਾ ਹੋਵੇਗਾ।
ਤਿਵਾੜੀ ਨੇ ਕਿਹਾ ਕਿ ਕਾਂਗਰਸ ਅੱਜ ਇਕਲੌਤੀ ਅਜਿਹੀ ਪਾਰਟੀ ਹੈ ਜਿਸ ਕੋਲ ਜਮਹੂਰੀ ਢੰਗ ਨਾਲ ਚੁਣਿਆ ਪ੍ਰਧਾਨ ਹੈ ਜਿੱਥੇ ਪੂਰੀ ਤਰ੍ਹਾਂ ਜਮਹੂਰੀ ਪ੍ਰਕਿਰਿਆ ਅਪਣਾਈ ਗਈ। ਅਜਿਹੇ ਲੋਕਾਂ ਕੋਲ ਬਦਲ ਸੀ ਜਿਨ੍ਹਾਂ ਨੇ ਅੰਦਰੂਨੀ ਚੋਣ ਵੀ ਲੜੀ ਸੀ ਅਤੇ ਬਾਅਦ ਵਿੱਚ ਪਾਰਟੀ ਦੀ ਨੀਤੀ ਘੜਨ ਵਾਲੀ ਇਕਾਈ ਦਾ ਹਿੱਸਾ ਬਣਾਏ ਗਏ। -ਪੀਟੀਆਈ
‘ਵਿਰੋਧੀ ਧਿਰ ਦਾ ਨੇਤਾ ‘ਪੀਐੱਮ ਇਨ ਵੇਟਿੰਗ’ ਹੁੰਦਾ ਹੈ’
ਨਵੀਂ ਦਿੱਲੀ:
ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਲੋਕਾਂ ਦੇ ਮੁੱਦੇ ਚੁੱਕਣ ਅਤੇ ਮਨੀਪੁਰ ਵਰਗੇ ਮਾਮਲਿਆਂ ਵਿੱਚ ‘ਮਲ੍ਹਮ’ ਲਾਉਣ ਲਈ ਰਾਹੁਲ ਗਾਂਧੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦਾ ਹਰੇਕ ਨੇਤਾ ‘ਪੀਐੱਮ ਇਨ ਵੇਟਿੰਗ’ ਹੁੰਦਾ ਹੈ। ਰਾਹੁਲ ਗਾਂਧੀ ਹਾਲ ਹੀ ਵਿੱਚ ਸਮਾਪਤ ਹੋਈਆ ਲੋਕ ਸਭਾ ਚੋਣਾਂ ਮਗਰੋਂ ਸੰਸਦ ਦੇ ਹੇਠਲੇ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਬਣੇ ਹਨ। ਇਹ ਪੁੱਛੇ ਜਾਣ ’ਤੇ ਕਿ ਰਾਹੁਲ ਗਾਂਧੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ, ਅਜਿਹੇ ਵਿੱਚ ਕੀ ਹੁਣ ਉਨ੍ਹਾਂ ਨੂੰ ਸੰਭਾਵੀ ਪ੍ਰਧਾਨ ਮੰਤਰੀ ਵਜੋਂ ਦੇਖਿਆ ਜਾ ਰਿਹਾ ਹੈ। ਇਸ ’ਤੇ ਤਿਵਾੜੀ ਨੇ ਕਿਹਾ, ‘‘ਵਿਰੋਧੀ ਧਿਰ ਦਾ ਹਰੇਕ ਨੇਤਾ ‘ਪੀਐਮ ਇਨ ਵੇਟਿੰਗ’ ਹੁੰਦਾ ਹੈ। ਜਿੱਥੋਂ ਤੱਕ ਰਾਹੁਲ ਗਾਂਧੀ ਦਾ ਸਵਾਲ ਹੈ, ਉਨ੍ਹਾਂ ਦੇ ਭਾਸ਼ਣਾਂ ਨੂੰ ਪੂਰੇ ਦੇਸ਼ ਵਿੱਚ ਬਹੁਤ ਪਸੰਦ ਕੀਤਾ ਗਿਆ ਹੈ, ਉਨ੍ਹਾਂ ਨੇ ਅਜਿਹੇ ਮੁੱਦੇ ਚੁੱਕੇ ਹਨ ਜੋ ਲੋਕਾਂ ਨਾਲ ਜੁੜੇ ਹੋਏ ਹਨ।’’