ਦਾਵੋਸ, 14 ਜਨਵਰੀ
ਜਲਵਾਯੂ ਤੋਂ ਲੈ ਕੇ ਫਰਜ਼ੀ ਖ਼ਬਰਾਂ ਦੇ ਸੰਕਟ ਨਾਲ ਸਿੱਝਣ ਲਈ ਭਾਰਤ ਸਮੇਤ ਦੁਨੀਆ ਦੇ ਕਰੀਬ 2800 ਤੋਂ ਵੱਧ ਆਗੂ ਇਥੇ ਸੋਮਵਾਰ ਤੋਂ 54ਵੇਂ ਆਲਮੀ ਆਰਥਿਕ ਫੋਰਮ (ਡਬਲਿਊਈਐੱਫ) ਦੀ ਸਾਲਾਨਾ ਮੀਟਿੰਗ ’ਚ ਸਿਰ ਜੋੜ ਕੇ ਬੈਠਣਗੇ। ਆਲਮੀ ਆਗੂਆਂ ’ਚੋਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ, ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ, ਯੂਰੋਪੀਅਨ ਕਮਿਸ਼ਨ ਦੀ ਮੁਖੀ ਉਰਸੁਲਾ ਵੋਨ ਡੇਰ ਲੇਯੇਨ, ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ, ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਇਸ ਮੀਟਿੰਗ ’ਚ ਹਿੱਸਾ ਲੈਣਗੇ। ਪੰਜ ਦਿਨਾਂ ਦੀ ਮੀਟਿੰਗ ਮੌਕੇ ਭਾਰਤ ਦੇ ਤਿੰਨ ਕੇਂਦਰੀ ਮੰਤਰੀਆਂ ਸਮ੍ਰਿਤੀ ਇਰਾਨੀ, ਅਸ਼ਵਨੀ ਵੈਸ਼ਨਵ ਅਤੇ ਹਰਦੀਪ ਸਿੰਘ ਪੁਰੀ ਸਣੇ ਵਫ਼ਦ ’ਚ ਕਰੀਬ 100 ਆਗੂ ਅਤੇ ਕਾਰੋਬਾਰੀ ਵੀ ਹਾਜ਼ਰ ਰਹਿਣਗੇ। ਇਸ ’ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਤਿਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਅਤੇ ਕਰਨਾਟਕ ਦੇ ਸਿਧਾਰਮੱਈਆ ਵੀ ਸ਼ਾਮਲ ਹਨ। ਵਿਸ਼ਵ ਆਰਥਿਕ ਫੋਰਮ ਦੀ ਰਸਮੀ ਸ਼ੁਰੂਆਤ ਤੋਂ ਇਕ ਦਿਨ ਪਹਿਲਾਂ ਦਾਵੋਸ 90 ਮੁਲਕਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਦੀ ਮੇਜ਼ਬਾਨੀ ਕੀਤੀ। ਇਸ ’ਚ ਯੂਕਰੇਨ ਲਈ ਸ਼ਾਂਤੀ ਯੋਜਨਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਸਵਿੱਟਜ਼ਰਲੈਂਡ ਦੇ ਵਿਦੇਸ਼ ਮੰਤਰਾਲੇ, ਜਿਸ ਨੇ ਯੂਕਰੇਨ ਨਾਲ ਮੀਟਿੰਗ ਦੀ ਸਹਿ-ਮੇਜ਼ਬਾਨੀ ਕੀਤੀ ਹੈ, ਨੇ ਕਿਹਾ ਕਿ ਮੀਟਿੰਗ ਕਰਕੇ ਉਨ੍ਹਾਂ ਦੇ ਮੁਲਕ ਨੇ ਯੂਕਰੇਨ ਨੂੰ ਟੀਚਾ ਹਾਸਲ ਹੋਣ ਤੱਕ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਮੀਟਿੰਗ ਦੌਰਾਨ ਇਜ਼ਰਾਈਲ-ਗਾਜ਼ਾ ਜੰਗ, ਚੋਣ ਵਰ੍ਹੇ ’ਚ ਏਆਈ ਕਾਰਨ ਡੀਪਫੇਕ ਤੋਂ ਖ਼ਤਰੇ, ਜਲਵਾਯੂ ਪਰਿਵਰਤਨ, ਆਰਥਿਕਤਾ ’ਚ ਸੁਸਤੀ ਅਤੇ ਦੁਨੀਆ ਦੀਆਂ ਹੋਰ ਮੁਸ਼ਕਲਾਂ ਬਾਰੇ ਚਰਚਾ ਕੀਤੀ ਜਾਵੇਗੀ। ਡਬਲਿਊਈਐੱਫ ਦੇ ਪ੍ਰਧਾਨ ਬੋਰਗੇ ਬ੍ਰੈਂਡੇ ਨੇ ਆਨਲਾਈਨ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਚੁਣੌਤੀਪੂਰਨ ਭੂਗੋਲਿਕ ਹਾਲਾਤ ਦਰਮਿਆਨ ਇਹ ਮੀਟਿੰਗ ਹੋ ਰਹੀ ਹੈ। -ਪੀਟੀਆਈ