ਮੁੰਬਈ, 1 ਨਵੰਬਰ
ਮਹਾਰਾਸ਼ਟਰ ਵਿਚ 288 ਅਸੈਂਬਲੀ ਹਲਕਿਆਂ ਲਈ ਭਰੇ ਨਾਮਜ਼ਦਗੀ ਪੱਤਰਾਂ ਵਿਚੋਂ 7994 ਉਮੀਦਵਾਰਾਂ ਦੇ ਕਾਗਜ਼ ਪੜਤਾਲ ਮਗਰੋਂ ਯੋਗ ਪਾਏ ਗਏ ਹਨ। ਸੂਬਾਈ ਮੁੱਖ ਚੋਣ ਅਧਿਕਾਰੀ (ਸੀਈਓ) ਨੇ ਕਿਹਾ ਕਿ 921 ਉਮੀਦਵਾਰਾਂ ਦੇ ਦਸਤਾਵੇਜ਼ ਅਵੈਧ ਨਿਕਲ ਮਗਰੋਂ ਰੱਦ ਕਰ ਦਿੱਤੇ ਗਏ ਹਨ। ਮਹਾਰਾਸ਼ਟਰ ਅਸੈਂਬਲੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅਮਲ 22 ਅਕਤੂਬਰ ਨੂੰ ਸ਼ੁੁਰੂ ਹੋ ਕੇ 29 ਅਕਤੂਬਰ ਨੂੰ ਖ਼ਤਮ ਹੋ ਗਿਆ ਸੀ। ਨਾਮਜ਼ਦਗੀਆਂ ਦੀ ਪੜਤਾਲ 30 ਅਕਤੂਬਰ ਨੂੰ ਕੀਤੀ ਗਈ ਸੀ ਜਦੋਂਕਿ ਉਮੀਦਵਾਰ 4 ਨਵੰਬਰ ਤੱਕ ਆਪਣੀਆਂ ਕਾਗਜ਼ ਵਾਪਸ ਲੈ ਸਕਦੇ ਹਨ। ਕੁਝ ਹੋਰ ਉਮੀਦਵਾਰਾਂ ਵੱਲੋਂ ਨਾਮ ਵਾਪਸ ਲਏ ਜਾਣ ਮਗਰੋਂ ਅਸਲ ਹਾਲਾਤ ਦਾ ਪਤਾ ਲੱਗੇਗਾ। 288 ਮੈਂਬਰੀ ਸੂਬਾਈ ਅਸੈਂਬਲੀ ਲਈ ਚੋਣਾਂ 20 ਨਵੰਬਰ ਨੂੰ ਹੋਣੀਆਂ ਹਨ ਜਦੋਂਕਿ ਨਤੀਜਿਆਂ ਦਾ ਐਲਾਨ 23 ਨਵੰਬਰ ਨੂੰ ਕੀਤਾ ਜਾਵੇਗਾ। ਮਹਾਰਾਸ਼ਟਰ ਵਿਚ ਮੁੱਖ ਮੁਕਾਬਲਾ ਸੱਤਾਧਾਰੀ ਮਹਾਯੁਤੀ ਗੱਠਜੋੜ, ਜਿਸ ਵਿਚ ਭਾਜਪਾ, ਸ਼ਿਵ ਸੈਨਾ ਤੇ ਐੱਨਸੀਪੀ ਸ਼ਾਮਲ ਹਨ, ਅਤੇ ਵਿਰੋਧੀ ਮਹਾ ਵਿਕਾਸ ਅਗਾੜੀ (ਕਾਂਗਰਸ, ਸ਼ਿਵ ਸੈਨਾ (ਯੂਬੀਟੀ) ਤੇ ਐੱਨਸੀਪੀ (ਐੱਸਪੀ)) ਦਰਮਿਆਨ ਹਨ। ਕੁਝ ਛੋਟੀਆਂ ਪਾਰਟੀਆਂ ਤੇ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਹਨ। -ਪੀਟੀਆਈ