ਗੁਣਾ (ਮੱਧ ਪ੍ਰਦੇਸ਼), 28 ਮਈ
ਕੁਝ ਵਿਅਕਤੀਆਂ ਦੇ ਟੋਲੇ ਨੇ ਕਿਸੇ ਵਿਵਾਦ ਕਾਰਨ ਮੱਧ ਪ੍ਰਦੇਸ਼ ਦੇ ਗੁਣਾ ਜ਼ਿਲ੍ਹੇ ਤੋਂ ਆਪਣੇ ਇੱਕ ਰਿਸ਼ਤੇਦਾਰ ਨੂੰ ਕਥਿਤ ਤੌਰ ’ਤੇ ਅਗਵਾ ਕਰ ਲਿਆ ਤੇ ਰਾਜਸਥਾਨ ਲਿਜਾ ਕੇ ਉਸ ਨੂੰ ਪਿਸ਼ਾਬ ਪੀਣ ਲਈ ਮਜਬੂਰ ਕੀਤਾ, ਜਿਥੇ ਉਸ ਤੋਂ ਔਰਤਾਂ ਦੇ ਪਹਿਰਾਵੇ ’ਚ ਪਰੇਡ ਵੀ ਕਰਵਾਈ ਗਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਉਸ ਦਾ ਸਿਰ ਮੁੰਨ ਦਿੱਤਾ ਅਤੇ ਜੁੱਤੀਆਂ ਦਾ ਹਾਰ ਵੀ ਪਹਿਨਾਇਆ। ਐੱਸਪੀ ਸੰਜੀਵ ਸਿਨਹਾ ਨੇ ਕਿਹਾ ਕਿ ਇਹ ਘਟਨਾ ਗੁਆਂਢੀ ਰਾਜਸਥਾਨ ਸੂਬੇ ’ਚ 22 ਮਈ ਵਾਪਰੀ ਪਰ ਕਿਉਂਕਿ ਵਿਅਕਤੀ ਨੂੰ ਗੁਣਾ ਤੋਂ ਅਗਵਾ ਕੀਤਾ ਗਿਆ ਸੀ, ਜਿਸ ਕਰ ਕੇ ਸੋਮਵਾਰ ਦੇਰ ਰਾਤ ਨੂੰ ਸੱਤ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਇੱਥੇ ਫਤਹਿਗੜ੍ਹ ਥਾਣੇ ’ਚ ਦਰਜ ਕੀਤੀ ਗਈ ਹੈ। ਪੀੜਤ ਵੱਲੋਂ ਲਿਖਾਈ ਸ਼ਿਕਾਇਤ ਮੁਤਾਬਕ ਮੁਲਜ਼ਮਾਂ ਨੇ ਉਸ ’ਤੇ ਤਸ਼ੱਦਦ ਦੀ ਵੀਡੀਓ ਵੀ ਬਣਾ ਕੇ ਸੋਸ਼ਲ ਮੀਡੀਆ ’ਤੇ ਸ਼ੇਅਰ ਵੀ ਕੀਤੀ ਅਤੇ 25 ਲੱਖ ਰੁਪਏ ਮੰਗੇ। ਐੱਸਪੀ ਸਿਨਹਾ ਨੇ ਦੱਸਿਆ, ‘‘ਅਸੀਂ ਘਟਨਾ ਦਾ ਨੋਟਿਸ ਲਿਆ ਹੈ। ਮੇਰੇ ਕੋਲ ਸ਼ਿਕਾਇਤ ਆਈ ਸੀ, ਜਿਹੜੀ ਮੈਂ ਕਾਰਵਾਈ ਲਈ ਫਤਹਿਗੜ੍ਹ ਪੁਲੀਸ ਸਟੇਸ਼ਨ ਭੇਜ ਦਿੱਤੀ ਹੈ।’’ ਉਨ੍ਹਾਂ ਦੱਸਿਆ ਕਿ ਸੱਤ ਮੁਲਜ਼ਮਾਂ ਖ਼ਿਲਾਫ਼ ਧਾਰਾ 506 (ਅਪਰਾਧਕ ਧਮਕੀ), 365 (ਅਗਵਾ), 34 ਤਹਿਤ ਕੇੇਸ ਦਰਜ ਕੀਤਾ ਗਿਆ ਹੈ। -ਪੀਟੀਆਈ
ਮੁੱਖ ਮੰਤਰੀ ਮੋਹਨ ਯਾਦਵ ਪ੍ਰਸ਼ਾਸਨ ਚਲਾਉਣ ’ਚ ਨਾਕਾਮ: ਕਾਂਗਰਸ
ਕਾਂਗਰਸ ਨੇ ਘਟਨਾ ਦਾ ਨੋਟਿਸ ਲੈਂਦਿਆਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ’ਤੇ ਸੂਬੇ ਨੂੰ ਸੰਭਾਲਣ ਅਤੇ ਆਪਣੇ ਗ੍ਰਹਿ ਵਿਭਾਗ ਦਾ ਕੰਮਕਾਜ ਚਲਾਉਣ ’ਚ ਅਸਫਲ ਰਹਿਣ ਦਾ ਦੋਸ਼ ਲਾਇਆ ਹੈ। ਕਾਂਗਰਸ ਨੇ ਮੰਗ ਕੀਤੀ ਕਿ ਮੋਹਨ ਯਾਦਵ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।