ਇੰਫਾਲ, 9 ਨਵੰਬਰ
ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ’ਚ ਕੁਝ ਹਥਿਆਰਬੰਦ ਵਿਅਕਤੀਆਂ ਨੇ ਅੱਜ ਆਪਣੇ ਖੇਤਾਂ ’ਚ ਕੰਮ ਕਰ ਰਹੀ ਇਕ ਮੈਤੇਈ ਮਹਿਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਥੇ ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਨੇ ਬਿਸ਼ਨੂਪੁਰ ਦੇ ਸਾਇਤੋਨ ਪਿੰਡ ’ਚ ਝੋਨੇ ਦੇ ਖੇਤਾਂ ’ਚ ਕੰਮ ਕਰ ਰਹੀ ਸਪਮ ਓਂਗਬੀ ਸੋਨੀਆ ਦੇਵੀ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਥਾਂ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਹਮਲਾਵਰਾਂ ਦੀ ਪਛਾਣ ਅਤੇ ਹੱਤਿਆ ਦੇ ਇਰਾਦੇ ਬਾਰੇ ਹਾਲੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ ਪਰ ਸਥਾਨਕ ਮੀਡੀਆ ਨੇ ਮਹਿਲਾ ਦੀ ਹੱਤਿਆ ਲਈ ਕੁਕੀ ਦਹਿਸ਼ਤਗਰਦਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲੀਸ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਹਮਲਾਵਰਾਂ ਨੂੰ ਫੜਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ। ਪਿੰਡ ਵਾਸੀਆਂ ਨੇ ਘਟਨਾ ’ਤੇ ਰੋਸ ਜਤਾਇਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਵੀਰਵਾਰ ਰਾਤ ਸ਼ੱਕੀ ਦਹਿਸ਼ਤਗਰਦਾਂ ਨੇ ਜਿਰੀਬਾਮ ਜ਼ਿਲ੍ਹੇ ਦੇ ਆਦਿਵਾਸੀਆਂ ਦੀ ਵਸੋਂ ਵਾਲੇ ਪਿੰਡ ਜ਼ਾਇਰੋਨ ’ਚ ਅੱਠ ਘਰਾਂ ਨੂੰ ਅੱਗ ਲਗਾ ਦਿੱਤੀ ਸੀ ਜਿਸ ਕਾਰਨ ਇਕ ਮਹਿਲਾ ਸੰਗਕਿਮ ਦੀ ਵੀ ਮੌਤ ਹੋ ਗਈ ਸੀ। -ਆਈਏਐੱਨਐੱਸ