ਮੁੰਬਈ:
ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਸਬੰਧੀ ਨਵੀਂ ਮੁੰਬਈ ਪੁਲੀਸ ਨੇ ਲਾਰੈਂਸ ਬਿਸ਼ਨੋਈ ਗਰੋਹ ਦੇ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਸੁੱਖਾ ਉਰਫ਼ ਸੁਖਬੀਰ ਬਲਬੀਰ ਸਿੰਘ ਨੂੰ ਪਨਵੇਲ ਟਾਊਨ ਪੁਲੀਸ (ਨਵੀਂ ਮੁੰਬਈ) ਦੀ ਟੀਮ ਨੇ ਬੁੱਧਵਾਰ ਨੂੰ ਹਰਿਆਣਾ ਦੇ ਪਾਣੀਪਤ ਤੋਂ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਸੁਖਬੀਰ ਨੇ ਬਿਸ਼ਨੋਈ ਗਰੋਹ ਦੇ ਮੈਂਬਰਾਂ ਨੂੰ ਸਲਮਾਨ ਖ਼ਾਨ ਨੂੰ ਕਥਿਤ ਤੌਰ ’ਤੇ ਮਾਰਨ ਦੀ ਸੁਪਾਰੀ ਦਿੱਤੀ ਸੀ। ਅਧਿਕਾਰੀ ਨੇ ਕਿਹਾ ਕਿ ਸੁਖਬੀਰ ਪਾਕਿਸਤਾਨ ਬੈਠੇ ਆਪਣੇ ਕਥਿਤ ਹੈਂਡਲਰ ਡੋਗਰ ਦੇ ਸੰਪਰਕ ’ਚ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਨੇ ਬਿਸ਼ਨੋਈ ਗਰੋਹ ਦੇ ਮੈਂਬਰਾਂ ਨਾਲ ਸਲਮਾਨ ਖ਼ਾਨ ਨੂੰ ਮਾਰਨ ਦੀ ਕਥਿਤ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਤੋਂ ਏਕੇ-47, ਐੱਮ16, ਏਕੇ92 ਵਰਗੇ ਹਥਿਆਰਾਂ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਸੀ। -ਪੀਟੀਆਈ