ਨਵੀਂ ਦਿੱਲੀ, 24 ਅਕਤੂਬਰ
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਬੈਠਕ ਦੌਰਾਨ ਅਬਦੁੱਲਾ ਨੇ ਪ੍ਰਧਾਨ ਮੰਤਰੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਸਬੰਧੀ ਅਸੈਂਬਲੀ ਵੱਲੋਂ ਪਾਸ ਮਤੇ ਦੀ ਕਾਪੀ ਵੀ ਸੌਂਪੀ। ਅਬਦੁੱਲਾ ਮੁੱਖ ਮੰਤਰੀ ਬਣਨ ਮਗਰੋਂ ਦਿੱਲੀ ਦੇ ਪਲੇਠੇ ਸਰਕਾਰੀ ਦੌਰੇ ’ਤੇ ਹਨ। ਅੱਧੇੇ ਘੰਟੇ ਦੇ ਕਰੀਬ ਚੱਲੀ ਬੈਠਕ ਦੌਰਾਨ ਅਬਦੁੱਲਾ ਨੇ ਮੌਜੂਦਾ ਸੁਰੱਖਿਆ ਹਾਲਾਤ ਤੇ ਵਿਕਾਸ ਕਾਰਜਾਂ ਸਣੇ ਜੰਮੂ ਕਸ਼ਮੀਰ ਨਾਲ ਸਬੰਧਤ ਹੋਰਨਾਂ ਮੁੱਦਿਆਂ ਬਾਰੇ ਚਰਚਾ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਰਵਾਇਤੀ ਕਸ਼ਮੀਰ ਸ਼ਾਲ ਵੀ ਭੇਟ ਕੀਤਾ। ਅਬਦੁੱਲਾ ਨੇ ਲੰਘੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਸੀ। -ਪੀਟੀਆਈ