ਜੰਮੂ, 11 ਨਵੰਬਰ
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪ੍ਰਸ਼ਾਸਨਿਕ ਅਮਲਾ ਸਰਦੀਆਂ ਦੀ ਰਾਜਧਾਨੀ ਜੰਮੂ ਵਿੱਚ ਤਬਦੀਲ ਕਰਨ ਦੀ ਸਾਲਾਨਾ ਰਵਾਇਤ ਤਹਿਤ ਅੱਜ ਇੱਥੇ ਸਿਵਲ ਸਕੱਤਰੇਤ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਪ ਮੁੱਖ ਮੰਤਰੀ, ਕੈਬਨਿਟ ਮੰਤਰੀ, ਮੁੱਖ ਸਕੱਤਰ, ਪ੍ਰਸ਼ਾਸਨਿਕ ਸਕੱਤਰਾਂ ਅਤੇ ਵਿਭਾਗਾਂ ਦੇ ਮੁਖੀਆਂ ਨੇ ਵੀ ਜੰਮੂ ਤੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਆਮ ਪ੍ਰਸ਼ਾਸਨ ਵਿਭਾਗ ਦੇ 23 ਅਕਤੂਬਰ ਦੇ ਹੁਕਮ ਅਨੁਸਾਰ ਸਿਰਫ ਪ੍ਰਸ਼ਾਸਨਿਕ ਸਕੱਤਰ ਅਤੇ ਉੱਚ ਵਿਭਾਗਾਂ ਦੇ ਮੁਖੀ ਹੀ ਸੀਮਤ ਦਰਬਾਰ ਤਬਾਦਲੇ ਤਹਿਤ ਸ੍ਰੀਨਗਰ ਤੋਂ ਜੰਮੂ ਤਬਦੀਲ ਹੋਣਗੇ। ਹੁਕਮ ਮੁਤਾਬਕ ਸ੍ਰੀਨਗਰ ਸਥਿਤ ਸਿਵਲ ਸਕੱਤਰੇਤ ਵੀ ਕਾਰਜਸ਼ੀਲ ਰਹੇਗਾ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ’ਚ ਲੰਮੇ ਸਮੇਂ ਤੋਂ ਜਾਰੀ ਇਹ ਰਵਾਇਤ 2020 ਵਿੱਚ ਕਰੋਨਾ ਮਹਾਮਾਰੀ ਦੌਰਾਨ ਰੋਕ ਦਿੱਤੀ ਗਈ ਸੀ। ਕਸ਼ਮੀਰ ਘਾਟੀ ’ਚ ਕੜਾਕੇ ਦੀ ਠੰਢ ਦੀ ਸਥਿਤੀ ਕਾਰਨ ਅਕਤੂਬਰ ਤੋਂ ਮਈ ਤੱਕ ਸ਼ਾਸਨ ਨੂੰ ਸ੍ਰੀਨਗਰ ਤੋਂ ਜੰਮੂ ਤਬਦੀਲ ਕੀਤਾ ਜਾਂਦਾ ਹੈ। -ਪੀਟੀਆਈ