ਮੁੰਬਈ, 15 ਜੁਲਾਈ
ਵਿਵਾਦਾਂ ’ਚ ਘਿਰੀ ਪ੍ਰੋਬੇਸ਼ਨਰੀ ਆਈਏਐੱਸ ਅਧਿਕਾਰੀ ਪੂਜਾ ਖੇਡਕਰ ਨੇ 2007 ’ਚ ਪ੍ਰਾਈਵੇਟ ਮੈਡੀਕਲ ਕਾਲਜ ’ਚ ਦਾਖ਼ਲਾ ਲੈਣ ਸਮੇਂ ਫਿਟਨੈਸ ਸਰਟੀਫਿਕੇਟ ਦਿੱਤਾ ਸੀ। ਪੁਣੇ ਦੇ ਕਾਸ਼ੀਬਾਈ ਨਾਵਲੇ ਮੈਡੀਕਲ ਕਾਲਜ ਦੇ ਡਾਇਰੈਕਟਰ ਡਾਕਟਰ ਅਰਵਿੰਦ ਭੋਰੇ ਨੇ ਕਿਹਾ ਕਿ ਪੂਜਾ ਖੇਡਕਰ ਨੇ 2007 ’ਚ ਕਾਲਜ ’ਚ ਦਾਖ਼ਲਾ ਲਿਆ ਸੀ ਤਾਂ ਉਸ ਨੇ ਕਿਸੇ ਸਰੀਰਕ ਜਾਂ ਮਾਨਸਿਕ ਅਯੋਗਤਾ ਦਾ ਕੋਈ ਜ਼ਿਕਰ ਨਹੀਂ ਕੀਤਾ ਸੀ ਅਤੇ ਮੈਡੀਕਲ ਫਿਟਨੈਸ ਸਰਟੀਫਿਕੇਟ ਜਮ੍ਹਾਂ ਕਰਵਾਇਆ ਸੀ। ਉਨ੍ਹਾਂ ਇਕ ਟੀਵੀ ਚੈਨਲ ਨੂੰ ਦੱਸਿਆ ਕਿ ਪੂਜਾ ਨੇ ਖਾਨਾਬਦੋਸ਼ ਜਾਤੀ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦਾ ਸਰਟੀਫਿਕੇਟ ਵੀ ਸੌਂਪਿਆ ਸੀ। ਆਈਏਐੱਸ ਅਧਿਕਾਰੀ ’ਤੇ ਫ਼ਰਜ਼ੀ ਢੰਗ ਨਾਲ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰਨ ਦਾ ਦੋਸ਼ ਹੈ। ਉਧਰ ਪੁਣੇ ਪੁਲੀਸ ਨੂੰ ਪੂਜਾ ਦੇ ਮਾਪਿਆਂ ਦਾ ਥਹੁ-ਟਿਕਾਣਾ ਨਹੀਂ ਮਿਲਿਆ ਹੈ। ਉਨ੍ਹਾਂ ਖ਼ਿਲਾਫ਼ ਜ਼ਮੀਨੀ ਵਿਵਾਦ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਮਨੋਰਮਾ ਅਤੇ ਦਿਲੀਪ ਖੇਡਕਰ ਦੇ ਬਨੇਰ ਇਲਾਕੇ ’ਚ ਪੈਂਦੇ ਬੰਗਲੇ ਦਾ ਦੌਰਾ ਕੀਤਾ ਪਰ ਅੰਦਰੋਂ ਕੋਈ ਬਾਹਰ ਨਹੀਂ ਨਿਕਲਿਆ। ਪੁਲੀਸ ਨੇ ਉਨ੍ਹਾਂ ਸਮੇਤ ਪੰਜ ਜਣਿਆਂ ਖ਼ਿਲਾਫ਼ ਧਾਰਾ 323 ਅਤੇ ਆਰਮਜ਼ ਐਕਟ ਸਮੇਤ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮਨੋਰਮਾ ਵੱਲੋਂ ਬਹਿਸ ਮਗਰੋਂ ਕੁਝ ਲੋਕਾਂ ਨੂੰ ਪਿਸਤੌਲ ਦਿਖਾ ਕੇ ਧਮਕਾਉਣ ਦਾ ਵੀਡੀਓ ਵਾਇਰਲ ਹੋਣ ਮਗਰੋਂ ਪੁਲੀਸ ਨੇ ਕੇਸ ਦਰਜ ਕੀਤਾ ਹੈ। -ਪੀਟੀਆਈ