ਪੋਰਟ ਬਲੇਅਰ, 19 ਫਰਵਰੀ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਪੋਰਟ ਬਲੇਅਰ ਸਥਿਤ ਇਤਿਹਾਸਕ ਸੈਲੂਲਰ ਜੇਲ੍ਹ (ਕਾਲੇ ਪਾਣੀਆਂ ਦੀ ਜੇਲ੍ਹ) ਦਾ ਦੌਰਾ ਕੀਤਾ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਉਹ ਇਸ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪੰਜ ਦਿਨਾਂ ਦੌਰੇ ’ਤੇ ਹਨ। ਉਨ੍ਹਾਂ ਨੂੰ ਕੌਮੀ ਸਮਾਰਕ ’ਤੇ ਉੱਕਰੇ ਆਜ਼ਾਦੀ ਘੁਲਾਟੀਆਂ ਦੇ ਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਰਾਸ਼ਟਰਪਤੀ ਨੇ ਬਰਤਾਨਵੀ ਰਾਜ ਦੌਰਾਨ ਕੈਦੀਆਂ ਵੱਲੋਂ ਕੀਤੇ ਗਏ ਆਜ਼ਾਦੀ ਦੇ ਸੰਘਰਸ਼ ਨੂੰ ਦਰਸਾਉਂਦਾ ‘ਲਾਈਟ ਐਂਡ ਸਾਊਂਡ ਸ਼ੋਅ’ ਵੀ ਦੇਖਿਆ। ਇਸ ਤੋਂ ਪਹਿਲਾਂ ਪੋਰਟ ਬਲੇਅਰ ਪਹੁੰਚਣ ’ਤੇ ਉਪ ਰਾਜਪਾਲ ਐਡਮਿਰਲ (ਸੇਵਾਮੁਕਤ) ਡੀਕੇ ਜੋਸ਼ੀ ਨੇ ਰਾਸ਼ਟਰਪਤੀ ਦਾ ਸਵਾਗਤ ਕੀਤਾ। ਕੇਂਦਰ ਸ਼ਾਸਤ ਪ੍ਰਦੇਸ਼ ਦੀ ਪਹਿਲੀ ਫੇਰੀ ’ਤੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। 20 ਫਰਵਰੀ ਨੂੰ ਉਹ ਇੰਦਰਾ ਪੁਆਇੰਟ (ਭਾਰਤ ਦੇ ਸਭ ਤੋਂ ਦੱਖਣੀ ਬਿੰਦੂ) ਅਤੇ ਕੈਂਪਬੈੱਲ ਬੇਅ ਦਾ ਦੌਰਾ ਕਰਨਗੇ।
ਮਗਰੋਂ ਉਹ ਨੇਤਾਜੀ ਸੁਭਾਸ਼ ਚੰਦਰ ਬੋਸ ਟਾਪੂ ’ਤੇ ਜਾਣਗੇ ਜਿੱਥੇ ਉਹ ‘ਲਾਈਟ ਐਂਡ ਸਾਊਂਡ ਸ਼ੋਅ’ ਦੇਖਣਗੇ। 21 ਫਰਵਰੀ ਨੂੰ ਉਹ ਰਾਜ ਨਿਵਾਸ ਵਿੱਚ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਵਿਸ਼ੇਸ਼ ਤੌਰ ’ਤੇ ਕਮਜ਼ੋਰ ਕਬਾਇਲੀ ਗਰੁੱਪਾਂ (ਪੀਵੀਟੀਜੀ) ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ।
ਅਧਿਕਾਰੀਆਂ ਨੇ ਦੱਸਿਆ ਕਿ 23 ਫਰਵਰੀ ਨੂੰ ਉਹ ਪੋਰਟ ਬਲੇਅਰ ਤੋਂ ਰਵਾਨਾ ਹੋ ਜਾਣਗੇ। -ਪੀਟੀਆਈ