ਲਖਨਊ, 8 ਨਵੰਬਰ
ਉੱਤਰ ਪ੍ਰਦੇਸ਼ ਮਹਿਲਾ ਕਮਿਸ਼ਨ ਨੇ ਮਹਿਲਾਵਾਂ ਦੀ ਸੁਰੱਖਿਆ ਲਈ ਤਜਵੀਜ਼ ਪੇਸ਼ ਕੀਤੀ ਹੈ ਕਿ ਪੁਰਸ਼ ਦਰਜ਼ੀ ਮਹਿਲਾਵਾਂ ਦੇ ਕੱਪੜਿਆਂ ਦਾ ਨਾਪ ਨਹੀਂ ਲੈਣਗੇ ਅਤੇ ਨਾਈ ਉਨ੍ਹਾਂ ਦੇ ਸਿਰ ਦੇ ਵਾਲ ਨਹੀਂ ਕੱਟਣਗੇ। ਕਮਿਸ਼ਨ ਦੀ ਮੈਂਬਰ ਹਿਮਾਨੀ ਅਗਰਵਾਲ ਨੇ ਕਿਹਾ ਕਿ ਇਸ ਸਬੰਧੀ ਫ਼ੈਸਲਾ ਚੇਅਰਪਰਸਨ ਬਬੀਤਾ ਚੌਹਾਨ ਦੀ ਅਗਵਾਈ ਹੇਠ 28 ਅਕਤੂਬਰ ਨੂੰ ਹੋਈ ਮੀਟਿੰਗ ਦੌਰਾਨ ਲਿਆ ਗਿਆ। ਉਨ੍ਹਾਂ ਕਿਹਾ ਕਿ ਸੈਲੂਨਾਂ ਅਤੇ ਦਰਜ਼ੀ ਦੀਆਂ ਦੁਕਾਨਾਂ ’ਤੇ ਸੀਸੀਟੀਵੀ ਕੈਮਰੇ ਵੀ ਲਗਾਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹਾਲੇ ਇਹ ਤਜਵੀਜ਼ ਹੈ ਅਤੇ ਕਮਿਸ਼ਨ ਇਸ ਬਾਰੇ ਕਾਨੂੰਨ ਬਣਾਉਣ ਲਈ ਸੂਬਾ ਸਰਕਾਰ ਨੂੰ ਅਪੀਲ ਵੀ ਕਰੇਗੀ।
ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਦਿਸ਼ਾ-ਨਿਰਦੇਸ਼ ਲਾਗੂ ਕਰਨ ਬਾਰੇ ਸਾਰੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਪੱਤਰ ਵੀ ਭੇਜੇ ਹਨ। ਇਸ ਤਜਵੀਜ਼ ’ਤੇ ਯੂਪੀ ’ਚ ਸਿਆਸਤ ਵੀ ਭਖ਼ ਗਈ ਹੈ। ਸਮਾਜਵਾਦੀ ਪਾਰਟੀ ਦੀ ਵਿਧਾਇਕ ਰਾਗਿਨੀ ਸੋਨਕਰ ਨੇ ਕਿਹਾ ਕਿ ਇਹ ਮਹਿਲਾ ’ਤੇ ਛੱਡ ਦੇਣਾ ਚਾਹੀਦਾ ਹੈ ਕਿ ਉਹ ਕਿਹੜੇ ਸਟੋਰ ਜਾਂ ਜਿਮ ਜਾਣਾ ਚਾਹੁੰਦੀ ਹੈ। -ਪੀਟੀਆਈ