ਕੋਲਕਾਤਾ, 29 ਅਗਸਤ
ਕਾਂਗਰਸ ਨੇ ਸਥਾਨਕ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਜੂਨੀਅਰ ਮਹਿਲਾ ਡਾਕਟਰ ਨਾਲ ਕਥਿਤ ਜਬਰ-ਜਨਾਹ ਤੇ ਕਤਲ ਖਿਲਾਫ਼ ਅੱਜ ਇਥੇ ਰੈਲੀ ਕੱਢੀ। ਉਧਰ ਕਈ ਸਿਵਲ ਸੁਸਾਇਟੀ ਜਥੇਬੰਦੀਆਂ ਨੇ ਵੀ ਸੜਕਾਂ ’ਤੇ ਉੱਤਰ ਕੇ ਸ਼ਹਿਰ ਵਿਚ ਰੋਸ ਮੁਜ਼ਾਹਰੇ ਕੀਤੇ। ਜਥੇਬੰਦੀਆਂ ਨੇ ਪੀੜਤ ਮਹਿਲਾ ਡਾਕਟਰ ਲਈ ਨਿਆਂ ਤੇ ਮਹਿਲਾਵਾਂ ਖਿਲਾਫ਼ ਹਿੰਸਾ ਦੀਆਂ ਘਟਨਾਵਾਂ ਰੋਕਣ ਲਈ ਸਖਤ ਸੁਰੱਖਿਆ ਉਪਰਾਲਿਆਂ ਦੀ ਮੰਗ ਕੀਤੀ।
ਪੱਛਮੀ ਬੰਗਾਲ ਕਾਂਗਰਸ ਦੇ ਪ੍ਰਧਾਨ ਅਧੀਰ ਚੌਧਰੀ ਦੀ ਅਗਵਾਈ ਹੇਠ ਕੱਢੀ ਰੈਲੀ ਕਾਲਜ ਚੌਕ ਤੋਂ ਸ਼ੁਰੂ ਹੋਈ ਤੇ ਉੱਤਰੀ ਕੋਲਕਾਤਾ ਵਿਚ ਆਰ ਜੀ ਕਰ ਹਸਪਤਾਲ ਨੇੜੇ ਸ਼ਿਆਮ ਬਾਜ਼ਾਰ ਚੌਕ ਤੱਕ ਗਈ। ਇਸੇ ਹਸਪਤਾਲ ਵਿਚੋਂ 9 ਅਗਸਤ ਨੂੰ ਪੋਸਟ-ਗਰੈਜੂਏਟ ਟਰੇਨੀ ਮਹਿਲਾ ਡਾਕਟਰ ਦੀ ਲਾਸ਼ ਮਿਲੀ ਸੀ। ਇਕ ਹੋਰ ਰੈਲੀ ਵਿਚ ਸੈਂਕੜੇ ਮਹਿਲਾਵਾਂ ਨੇ ਕੋਲਕਾਤਾ ਵਿਚ ‘ਅੰਗੀਕਾਰ ਯਾਤਰਾ’ ਜਾਂ ‘ਪਲੈੱਜ ਯਾਤਰਾ’ ਵਿਚ ਪੈਦਲ ਮਾਰਚ ਕੀਤਾ। ਹੱਥਾਂ ਵਿਚ ਤਖ਼ਤੀਆਂ ਤੇ ਬੈਨਰ ਫੜੀ ਮਹਿਲਾਵਾਂ ਨੇ ਸਾਜ਼ਿਸ਼ਘਾੜਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਤੇ ਸ਼ਹਿਰ ਵਿਚ ਮਹਿਲਾਵਾਂ ਦੀ ਸੁਰੱਖਿਆ ਲਈ ਮਜ਼ਬੂਤ ਸੁਰੱਖਿਆ ਉਪਰਾਲਿਆਂ ਦਾ ਸੱਦਾ ਦਿੱਤਾ। ਇਸੇ ਤਰ੍ਹਾਂ ‘ਪੱਥਰ ਦਾਬੀ’ ਜਾਂ ‘ਸਟਰੀਟਜ਼ ਡਿਮਾਂਡ’ ਦੇ ਬੈਨਰ ਹੇਠ ਰੈਲੀ ਕੱਢੀ ਗਈ ਜਿਸ ਵਿਚ ਵੱਖ ਵੱਖ ਫਿਰਕਿਆਂ ਨਾਲ ਸਬੰਧਤ ਲੋਕ ਆਰ ਜੀ ਕਰ ਹਸਪਤਾਲ ਘਟਨਾ ਖਿਲਾਫ਼ ਗੁੱਸਾ ਜ਼ਾਹਿਰ ਕਰਨ ਲਈ ਸ਼ਾਮਲ ਹੋਏ। ਮੁਜ਼ਾਹਰਾਕਾਰੀਆਂ ਨੇ ਪੀੜਤਾ ਲਈ ਨਿਆਂ ਤੇ ਮਹਿਲਾਵਾਂ ਖਿਲਾਫ ਹਿੰਸਾ ਖ਼ਤਮ ਕਰਨ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। -ਪੀਟੀਆਈ
ਬੰਗਾਲ ਸਰਕਾਰ ਨੇ ਸੋਮਵਾਰ ਨੂੰ ਸੱਦਿਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ
ਕੋਲਕਾਤਾ:
ਪੱਛਮੀ ਬੰਗਾਲ ਸਕਰਾਰ ਨੇ ਸੂਬੇ ਦੀ ਵਿਧਾਨ ਸਭਾ ਦਾ ਦੋ ਰੋਜ਼ਾ ਵਿਸ਼ੇਸ਼ ਇਜਲਾਸ 2 ਸਤੰਬਰ ਨੂੰ ਸੱਦਿਆ ਹੈ ਤਾਂ ਜੋ ਜਬਰ-ਜਨਾਹ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇ ਪ੍ਰਬੰਧ ਵਾਲੇ ਬਿੱਲ ਨੂੰ ਪੇਸ਼ ਤੇ ਪਾਸ ਕੀਤਾ ਜਾ ਸਕੇ। ਇਹ ਜਾਣਕਾਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਸੋਵਨਦੇਬ ਚਟੋਪਾਧਿਆਏ ਨੇ ਦਿੱਤੀ। ਵਿਧਾਨ ਸਭਾ ਸਪੀਕਰ ਬਿਮਾਨ ਬੈਨਰਜੀ ਨੇ ਕਿਹਾ ਕਿ ਬਿੱਲ ਨੂੰ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ (ਮੰਗਲਵਾਰ ਨੂੰ) ਚਰਚਾ ਅਤੇ ਪਾਸ ਕਰਨ ਲਈ ਪੇਸ਼ ਕੀਤਾ ਜਾਵੇਗਾ।
ਮੈਂ ਜੂਨੀਅਰ ਡਾਕਟਰਾਂ ਨੂੰ ਨਹੀਂ ਧਮਕਾਇਆ: ਮਮਤਾ ਬੈਨਰਜੀ
ਕੋਲਕਾਤਾ:
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਉਨ੍ਹਾਂ ਸਰਕਾਰੀ ਹਸਪਤਾਲਾਂ ਦੇ ਜੂਨੀਅਰ ਡਾਕਟਰਾਂ ਨੂੰ ਕੋਈ ਧਮਕੀ ਨਹੀਂ ਦਿੱਤੀ, ਜੋ ਆਪਣੀ ਇਕ ਸਾਥੀ ਜੂਨੀਅਰ ਮਹਿਲਾ ਡਾਕਟਰ ਨਾਲ ਜਬਰ-ਜਨਾਹ ਤੇ ਕਤਲ ਖਿਲਾਫ਼ ਕੀਤੇ ਰੋਸ ਮੁਜ਼ਾਹਰਿਆਂ ਕਰਕੇ ਪਿਛਲੇ 21 ਦਿਨਾਂ ਤੋਂ ਕੰਮ ’ਤੇ ਨਹੀਂ ਗਏ। ਬੈਨਰਜੀ ਨੇ ਕਿਹਾ ਕਿ ਜੂਨੀਅਰ ਡਾਕਟਰਾਂ ਨੂੰ ਧਮਕਾਉਣ ਸਬੰਧੀ ਦੋਸ਼ ‘ਪੂਰੀ ਤਰ੍ਹਾਂ ਝੂਠੇ’ ਤੇ ‘ਮਾੜੇ ਇਰਾਦੇ ਨਾਲ ਕੀਤੇ ਜਾ ਰਹੇ ਕੂੜ-ਪ੍ਰਚਾਰ’ ਦਾ ਹਿੱਸਾ ਹੈ। ਮੁੱਖ ਮੰਤਰੀ ਨੇ ਐਕਸ ’ਤੇ ਲਿਖਿਆ, ‘ਮੈਂ ਸਪਸ਼ਟ ਕਰ ਦੇਵਾਂ ਕਿ ਮੈੈਡੀਕਲ ਦੇ ਵਿਦਿਆਰਥੀਆਂ ਜਾਂ ਉਨ੍ਹਾਂ ਦੇ ਅੰਦੋਲਨ ਬਾਰੇ ਇਕ ਸ਼ਬਦ ਨਹੀਂ ਬੋਲਿਆ। ਮੈਂ ਉਨ੍ਹਾਂ ਦੇ ਅੰਦੋਲਨ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹਾਂ। ਉਨ੍ਹਾਂ ਦਾ ਅੰਦੋਲਨ ਮੌਲਿਕ ਹੈ। ਮੈਂ ਉਨ੍ਹਾਂ ਨੂੰ ਕਦੇ ਨਹੀਂ ਧਮਕਾਇਆ, ਜਿਵੇਂ ਕਿ ਕੁਝ ਲੋਕ ਮੇਰੇ ’ਤੇ ਦੋਸ਼ ਲਾ ਰਹੇ ਹਨ। ਇਹ ਦੋਸ਼ ਪੂਰੀ ਤਰ੍ਹਾਂ ਝੂਠ ਹਨ।’ ਬੈਨਰਜੀ ਨੇ ਲੰਘੇ ਦਿਨ ਜੂਨੀਅਰ ਡਾਕਟਰਾਂ ਨੂੰ ਕੰਮ ਉੱਤੇ ਪਰਤਣ ਦੀ ਅਪੀਲ ਕੀਤੀ ਸੀ। -ਪੀਟੀਆਈ