ਨਾਗਪੁਰ, 6 ਨਵੰਬਰ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਇੱਕ ਵਾਰ ਫਿਰ ਜਾਤੀ ਅਧਾਰਿਤ ਜਨਗਣਨਾ ਦੀ ਵਕਾਲਤ ਕਰਦਿਆਂ ਆਖਿਆ ਕਿ ਦੇਸ਼ ’ਚ ਜਾਤੀ ਜਨਗਣਨਾ ਹੋਵੇਗੀ ਅਤੇ ਇਸ ਪ੍ਰਕਿਰਿਆ ਰਾਹੀਂ ਦਲਿਤਾਂ, ਪਛੜੇ ਵਰਗਾਂ ਤੇ ਆਦਿਵਾਸੀਆਂ ਨਾਲ ਹੋ ਰਹੇ ਅਨਿਆਂ ਦਾ ਪਤਾ ਲੱਗੇਗਾ। ਉਨ੍ਹਾਂ ਆਖਿਆ ਕਿ ਜਾਤੀ ਜਨਗਣਨਾ ਦਾ ਅਸਲੀ ਅਰਥ ਨਿਆਂ ਹੈ ਅਤੇ ਉਨ੍ਹਾਂ ਦੀ ਪਾਰਟੀ ਰਾਖਵੇਂਕਰਨ ਦੀ ‘‘50 ਫ਼ੀਸਦ ਦੀ ਰੋਕ’ ਨੂੰ ਵੀ ਤੋੜ ਦੇਵੇਗੀ।’’ ਇਸੇ ਦੌਰਾਨ ਰਾਹੁਲ ਗਾਂਧੀ ਨੇ ਨਾਗਪੁਰ ਵਿੱਚ ‘ਦੀਕਸ਼ਾਭੂਮੀ’ ਜਾ ਕੇ ਸੰਵਿਧਾਨਘਾੜੇ ਡਾ. ਬੀ.ਆਰ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਥੇ ਅੰਬੇਡਕਰ ਤੇ ਉਨ੍ਹਾਂ ਦੇ ਹਜ਼ਾਰਾਂ ਪੈਰੋਕਾਰਾਂ ਨੇ 14 ਅਕਤੂਬਰ 1956 ਨੂੰ ਬੁੱਧ ਧਰਮ ਅਪਣਾਇਆ ਸੀ।
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਾਗਪੁਰ ’ਚ ਸੰਵਿਧਾਨ ਸਨਮਾਨ ਸੰਮੇਲਨ ਨੂੰ ਸੰਬੋਧਨ ਕਰਦਿਆਂ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਰਾਸ਼ਟਰੀ ਸਵੈਮਸੇਵਕ ਸੰਘ ਤੇ ਸੱਤਾਧਾਰੀ ਭਾਜਪਾ ’ਤੇ ਨਿਸ਼ਾਨਾ ਸੇਧਿਆ ਅਤੇ ਉਨ੍ਹਾਂ ’ਤੇ ਸੰਵਿਧਾਨ ’ਤੇ ਹਮਲੇ ਰਾਹੀਂ ਦੇਸ਼ ਦੀ ਆਵਾਜ਼ ’ਤੇ ਹਮਲਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਜਾਤੀ ਜਨਗਣਨਾ ਜਨਰਲ (ਵਰਗ), ਦਲਿਤਾਂ, ਆਦਿਵਾਸੀਆਂ, ਘੱਟ ਗਿਣਤੀਆਂ, ਔਰਤਾਂ ਤੇ ਬਾਕੀ ਸਾਰਿਆਂ ਨੂੰ ਨਿਆਂ ਦੇਵੇਗੀ।’’ ਕਾਂਗਰਸੀ ਆਗੂ ਨੇ ਕਿਹਾ, ‘‘ਜਾਤੀ ਜਨਗਣਨਾ ਨਾਲ ਸਭ ਕੁਝ ਸਪੱਸ਼ਟ ਹੋ ਜਾਵੇਗਾ। ਸਾਰਿਆਂ ਨੂੰ ਪਤਾ ਲੱਗੇਗਾ ਕਿ ਉਨ੍ਹਾਂ ਕੋਲ ਕਿੰਨੀ ਤਾਕਤ ਹੈ ਤੇ ਸਾਡੀ ਕੀ ਭੂੁਮਿਕਾ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਅਡਾਨੀ ਦੀਆਂ ਕੰਪਨੀਆਂ ਦੀ ਮੈਨਜਮੈਂਟ ’ਚ ਕੋਈ ਵੀ ਦਲਿਤ, ਓਬੀਸੀ ਅਤੇ ਆਦਿਵਾਸੀ ਨਹੀਂ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ, ‘‘ਮੈਂ ਜਦੋਂ ਵੀ ਜਾਤੀ ਜਨਗਣਨਾ ਦੀ ਗੱਲ ਕਰਦਾ ਹਾਂ ਤਾਂ ਮੋਦੀ ਕਹਿੰਦੇ ਹਨ ਰਾਹੁਲ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਸੀਂ ਦੇਸ਼ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਦੇਸ਼ ’ਚ 90 ਫ਼ੀਸਦ ਤੋਂ ਵੱਧ ਹਾਸ਼ੀਏ ’ਤੇ ਧੱਕੇ ਲੋਕਾਂ ਨੂੰ ਨਿਆਂ ਦਿਵਾਉਣ ਲਈ ਲੜ ਰਹੇ ਹਾਂ।’’ -ਪੀਟੀਆਈ
ਤਿਲੰਗਾਨਾ ’ਚ ਜਾਤੀ ਸਰਵੇਖਣ ਸ਼ੁਰੂ
ਹੈਦਰਾਬਾਦ:
ਤਿਲੰਗਾਨਾ ਸਰਕਾਰ ਦਾ ਸਮਾਜਿਕ-ਆਰਥਿਕ, ਰੁਜ਼ਗਾਰ, ਰਾਜਨੀਤਕ ਅਤੇ ਜਾਤੀ ਸਰਵੇਖਣ ਅੱਜ ਸ਼ਰੂ ਹੋ ਗਿਆ ਹੈ, ਜਿਸ ਦਾ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅਸੈਂਬਲੀ ਚੋਣਾਂ ਦੌਰਾਨ ਵਾਅਦਾ ਕੀਤਾ ਸੀ। ਸੂਬੇ ਦੇ ਆਵਾਜਾਈ ਮੰਤਰੀ ਪੀ. ਪ੍ਰਭਾਕਰ ਨੇ ਗ੍ਰੇਟਰ ਹੈਦਰਾਬਾਦ ਨਗਰ ਨਿਗਮ (ਜੀਐੱਮਸੀਐੱਚ) ਦਫ਼ਤਰ ਵਿੱਚ ਸਰਵੇਖਣ ਦੀ ਸ਼ੁਰੂਆਤ ਕਰਦਿਆਂ ਨਾਗਰਿਕਾਂ ਨੂੰ ਬਿਨਾਂ ਕਿਸੇ ਖਦਸ਼ੇ ਤੋਂ ਸਰਵੇਖਣ ਕਰਨ ਵਾਲਿਆਂ ਨਾਲ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ। ਪ੍ਰਭਾਕਰ ਨੇ ਕਿਹਾ ਕਿ ਇਹ ਜਾਣਕਾਰੀ ਗੁਪਤ ਰਹੇਗੀ ਅਤੇ ਸਰਵੇਖਣ ਦਾ ਮਕਸਦ ਨਾਬਰਾਬਰੀ ਨੂੰ ਖਤਮ ਕਰਨਾ ਤੇ ਸਾਰਿਆਂ ਲਈ ਬਰਾਬਰ ਨਿਆਂ ਯਕੀਨੀ ਬਣਾਉਣਾ ਹੈ। ਸੂਬੇ ਦੇ ਆਈਟੀ ਮੰਤਰੀ ਡੀ. ਬਾਬੂ ਨੇ ਕਿਹਾ ਕਿ ਸਰਵੇਖਣ ਨਾਲ ਸਰਕਾਰ ਨੂੰ ਸਮਾਜ ਦੇ ਵੱਖ-ਵੱਖ ਵਰਗਾਂ ਦੀ ਭਲਾਈ ਤੇ ਵਿਕਾਸ ਲਈ ਯੋਜਨਾਵਾ ਬਣਾਉਣ ’ਚ ਮਦਦ ਮਿਲੇਗੀ। -ਪੀਟੀਆਈ