ਕੋਲਕਾਤਾ, 24 ਸਤੰਬਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਰਤੀ ਰੇਲਵੇ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਸ ਨੇ ਲੀਹੋਂ ਲੱਥਣ ਦਾ ‘ਵਿਸ਼ਵ ਰਿਕਾਰਡ’ ਬਣਾ ਲਿਆ ਹੈ। ਜਲਪਾਇਗੁੜੀ ਜ਼ਿਲ੍ਹੇ ਵਿੱਚ ਖਾਲੀ ਮਾਲ ਗੱਡੀ ਦੇ ਕੁੱਝ ਡੱਬੇ ਲੀਹੋਂ ਲੱਥਣ ਦੀ ਘਟਨਾ ਮਗਰੋਂ ਮਮਤਾ ਨੇ ਇਹ ਬਿਆਨ ਦਿੱਤਾ ਹੈ। ਬੀਰਭੂਮ ਵਿੱਚ ਇੱਕ ਪ੍ਰਸ਼ਾਸਕੀ ਸਮੀਖਿਆ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘ਰੇਲਵੇ ਨੂੰ ਕੀ ਹੋ ਰਿਹਾ ਹੈ? ਅੱਜ ਵੀ ਰੇਲ ਗੱਡੀ ਦੇ ਲੀਹੋਂ ਲੱਥਣ ਦੀ ਖਬਰ ਹੈ। ਰੇਲਵੇ ਨੇ ਲੀਹੋਂ ਲੱਥਣ ਦਾ ਵਿਸ਼ਵ ਰਿਕਾਰਡ ਬਣਾ ਲਿਆ ਹੈ ਪਰ ਕੋਈ ਵੀ ਕੁਝ ਕਹਿ ਨਹੀਂ ਰਿਹਾ।’ ਉਨ੍ਹਾਂ ਕਿਹਾ, ‘ਲੋਕਾਂ ਦੀ ਸੁਰੱਖਿਆ ਖਤਰੇ ’ਚ ਹੈ। ਉਹ ਰੇਲ ਗੱਡੀਆਂ ’ਚ ਸਫਰ ਕਰਨ ਤੋਂ ਡਰਦੇ ਹਨ। ਰੇਲ ਮੰਤਰੀ ਕਿੱਥੇ ਹਨ? ਸਿਰਫ ਚੋਣਾਂ ਵੇਲੇ ਵੋਟਾਂ ਮੰਗਣ ਨਾਲ ਗੱਲ ਨਹੀਂ ਬਣੇਗੀ। ਜਦੋਂ ਲੋਕ ਖਤਰੇ ਵਿੱਚ ਹੋਣ ਤਾਂ ਤੁਹਾਨੂੰ ਲੋਕਾਂ ਨਾਲ ਰਹਿਣਾ ਪਵੇਗਾ। ਜ਼ਿਕਰਯੋਗ ਹੈ ਕਿ ਮਮਤਾ ਵੀ ਦੋ ਵਾਰ ਰੇਲਵੇ ਮੰਤਰੀ ਰਹਿ ਚੁੱਕੇ ਹਨ। -ਪੀਟੀਆਈ
‘ਡੀਵੀਸੀ ਹੈੱਡਕੁਆਰਟਰ ਕੋਲਕਾਤਾ ਤੋਂ ਬਾਹਰ ਲਿਜਾਣ ’ਚ ਕੋਈ ਇਤਰਾਜ਼ ਨਹੀਂ’
ਕੋਲਕਾਤਾ:
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਦਾਮੋਦਰ ਵੈਲੀ ਕਾਰਪੋਰੇਸ਼ਨ (ਡੀਵੀਸੀ) ਦੇ ਹੈੱਡਕੁਆਰਟਰ ਨੂੰ ਕੋਲਕਾਤਾ ਤੋਂ ਬਾਹਰ ਤਬਦੀਲ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੀ ਸੰਸਥਾ ਨਹੀਂ ਚਾਹੁੰਦੇ ਜਿਸ ਦੇ ਪਾਣੀ ਛੱਡਣ ਨਾਲ ਨਾਲ ਲੋਕਾਂ ਦੀ ਮੌਤ ਹੋ ਜਾਵੇ। ਬੈਨਰਜੀ ਨੇ ਕਿਹਾ, ‘ਉਨ੍ਹਾਂ (ਕੇਂਦਰ) ਨੂੰ ਇਹ (ਡੀਵੀਸੀ ਹੈੱਡਕੁਆਰਟਰ) ਲਿਜਾਣ ਦਿਓ। ਮੈਨੂੰ ਕੋਈ ਪਰਵਾਹ ਨਹੀਂ। ਉਨ੍ਹਾਂ ਕੋਲਕਾਤਾ ਤੋਂ ਸਭ ਕੁਝ ਹਟਾ ਦਿੱਤਾ ਹੈ ਅਤੇ ਕੁਝ ਵੀ ਨਹੀਂ ਬਚਿਆ।’ ਮਮਤਾ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਕੇਂਦਰੀ ਊਰਜਾ ਮੰਤਰਾਲੇ ਅਧੀਨ ਕੰਮ ਕਰਨ ਵਾਲੇ ਡੀਵੀਸੀ ਦੇ ਪ੍ਰਬੰਧ ਹੇਠ ਚੱਲਦੇ ਡੈਮਾਂ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਸੂਬੇ ਦੇ ਦੱਖਣੀ ਹਿੱਸੇ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆ ਗਏ ਹਨ। -ਪੀਟੀਆਈ