ਈਟਾਨਗਰ/ਗੁਹਾਟੀ, 30 ਅਕਤੂਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਵੀਰਵਾਰ ਨੂੰ ਭਾਰਤ-ਚੀਨ ਸਰਹੱਦ ਉੱਤੇ ਫੌਜੀਆਂ ਨਾਲ ਦੀਵਾਲੀ ਮਨਾਉਣਗੇ। ਉਹ ਭਲਕੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਜ਼ਿਲ੍ਹੇ ਦੀ ਆਪਣੀ ਫੇਰੀ ਦੌਰਾਨ ਮੇਜਰ ਰਾਲੇਂਗਨਾਓ ਬੋਬ ਖਾਥਿੰਗ ਨੂੰ ਸਮਰਪਿਤ ਮਿਊਜ਼ੀਅਮ ਦੇ ਉਦਘਾਟਨ ਤੋਂ ਇਲਾਵਾ ਸਰਹੱਦੀ ਜ਼ਿਲ੍ਹੇ ਵਿਚ ਭਾਰਤ ਰਤਨ ਸਰਦਾਰ ਵੱਲਭਭਾਈ ਪਟੇਲ ਦੇ ਬੁੱਤ ਦੀ ਘੁੰਡ ਚੁਕਾਈ ਵੀ ਕਰਨਗੇ। ਅਧਿਕਾਰੀਆਂ ਨੇ ਕਿਹਾ ਕਿ ਸਿੰਘ ਭਾਰਤ-ਚੀਨ ਸਰਹੱਦ ਉੱਤੇ ਤਾਇਨਾਤ ਫੌਜੀਆਂ ਨਾਲ ਦੀਵਾਲੀ ਮਨਾਉਣਗੇ। ਇਸ ਮੌਕੇ ਮਨੀਪੁਰ ਦੇ ਮੁੱਖ ਮੰਤਰੀ ਐੱਨ.ਬੀਰੇਨ ਸਿੰਘ ਵੀ ਮੌਜੂਦ ਰਹਿਣਗੇ। ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਐਕਸ ’ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਰਾਜਨਾਥ ਸਿੰਘ ਤੇ ਮਨੀਪੁਰ ਦੇ ਮੁੱਖ ਮੰਤਰੀ ਦਾ ਸੂਬੇ ਵਿਚ ਸਵਾਗਤ ਕੀਤਾ ਹੈ। ਇਸੇ ਦੌਰਾਨ ਰੱਖਿਆ ਮੰਤਰੀ ਨੇ ਅਸਾਮ ਦੇ ਤੇਜ਼ਪੁਰ ’ਚ ‘ਬੜਾ ਖਾਣਾ’ ਮੌਕੇ ਗਜਰਾਜ ਕੋਰ ਦੇ ਹੈੱਡਕੁਆਟਰ ’ਚ ਭਾਰਤੀ ਫੌਜ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਵਿਚਾਰਾਂ ਅਨੁਸਾਰ ਸਹਿਮਤੀ ਰਾਹੀਂ ਚੀਨ ਨਾਲ ਸ਼ਾਂਤੀ ਦੀ ਪ੍ਰਕਿਰਿਆ ਜਾਰੀ ਰੱਖਣਾ ਚਾਹੁੰਦਾ ਹੈ। -ਪੀਟੀਆਈ