ਕੋਲਕਾਤਾ, 19 ਜੂਨ
ਬੰਗਾਲੀ ਅਦਾਕਾਰਾ ਰਿਤੂਪਰਨਾ ਸੇਨਗੁਪਤਾ ਤੋਂ ਕਰੋੜਾਂ ਰੁਪਏ ਦੇ ਰਾਸ਼ਨ ਵੰਡ ਘੁਟਾਲੇ ਸਬੰਧੀ ਜਾਰੀ ਜਾਂਚ ਤਹਿਤ ਅੱਜ ਇੱਥੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਨੇ ਪੁੱਛ ਪੜਤਾਲ ਕੀਤੀ।
ਇੱਕ ਅਧਿਕਾਰੀ ਨੇ ਦੱਸਿਆ ਕਿ ਪੰਜ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਪੁੱਛ ਪੜਤਾਲ ਦੌਰਾਨ ਸੇਨਗੁਪਤਾ ਤੋਂ ਸਾਬਕਾ ਖੁਰਾਕ ਅਤੇ ਸਪਲਾਈ ਮੰਤਰੀ ਜਯੋਤੀਪ੍ਰਿਓ ਮਲਿਕ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਪੁੱਛਿਆ ਗਿਆ, ਜਿਨ੍ਹਾਂ ਨੂੰ ਇਸ ਮਾਮਲੇ ਸਬੰਧੀ ਸਬੰਧੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਦਾਕਾਰਾ ਤੋਂ ਪੁੱਛਿਆ ਗਿਆ ਕਿ ਕੀ ਮਲਿਕ ਦੇ ਮੰਤਰੀ ਰਹਿੰਦਿਆਂ ਉਨ੍ਹਾਂ ਦੇ ਦਫ਼ਤਰ ਅਤੇ ਰਾਜ ਖੁਰਾਕ ਅਤੇ ਸਪਲਾਈ ਵਿਭਾਗ ਦਰਮਿਆਨ ਕੋਈ ਵਿੱਤੀ ਲੈਣ-ਦੇਣ ਹੋਇਆ ਸੀ। ਈਡੀ ਦੇ ਇੱਕ ਅਧਿਕਾਰੀ ਨੇ ਕਿਹਾ, ‘‘ਅਸੀਂ ਉਨ੍ਹਾਂ ਦੇ ਬੈਂਕ ਖਾਤਿਆਂ ਰਾਹੀਂ ਕੀਤੇ ਗਏ ਲੈਣ-ਦੇਣ ਸਣੇ ਕੁੱਝ ਵੇਰਵਿਆਂ ਦੀ ਵੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕੁੱਝ ਦਸਤਾਵੇਜ਼ ਜਮ੍ਹਾ ਕਰਵਾਏ ਹਨ, ਜਿਨ੍ਹਾਂ ਦੀ ਵੀ ਪੁਸ਼ਟੀ ਕੀਤੀ ਜਾਵੇਗੀ।’’ ਪੁੱਛ ਪੜਤਾਲ ਮਗਰੋਂ ਸੇਨਗੁਪਤਾ ਨੇ ਦਾਅਵਾ ਕੀਤਾ ਕਿ ਕਥਿਤ ਬੇਨਿਯਮੀਆਂ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ। ਈਡੀ ਦਫ਼ਤਰ ਤੋਂ ਬਾਹਰ ਜਾਂਦਿਆਂ ਸੇਨਗੁਪਤਾ ਨੇ ਕਿਹਾ, ‘‘ਮੈਂ ਉਨ੍ਹਾਂ ਨਾਲ ਪੂਰਾ ਸਹਿਯੋਗ ਕੀਤਾ ਹੈ। ਮੈਂ ਉਨ੍ਹਾਂ ਨੂੰ ਜ਼ਰੂਰੀ ਦਸਤਾਵੇਜ਼ ਮੁਹੱਈਆ ਕਰਵਾਏ ਹਨ। ਮੈਂ ਇਸ ਮਾਮਲੇ ’ਤੇ ਜ਼ਿਆਦਾ ਗੱਲ ਨਹੀਂ ਕਰ ਸਕਦੀ।’’ ਈਡੀ ਨੇ ਅਦਾਕਾਰਾ ਨੂੰ ਪੰਜ ਜੂਨ ਨੂੰ ਪੇਸ਼ ਹੋਣ ਨੂੰ ਕਿਹਾ ਸੀ ਪਰ ਉਹ ਅਮਰੀਕਾ ਵਿੱਚ ਇਸ ਲਈ ਉਸ ਨੇ ਏਜੰਸੀ ਤੋਂ ਅਗਲੀ ਤਰੀਕ ਦੇਣ ਦੀ ਮੰਗ ਕੀਤੀ ਸੀ। ਈਡੀ ਨੇ 2019 ਵਿੱਚ ਰੋਜ਼ ਵੈਲੀ ਚਿੱਟ ਫੰਡ ਘੁਟਾਲੇ ਸਬੰਧੀ ਸੇਨਗੁਪਤਾ ਤੋਂ ਪੁੱਛ ਪੜਤਾਲ ਕੀਤੀ। -ਪੀਟੀਆਈ