ਨਵੀਂ ਦਿੱਲੀ, 11 ਨਵੰਬਰ
ਸੁਪਰੀਮ ਕੋਰਟ ਨੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨਾਲ ਜੁੜੇ ਇਕ ਮਾਮਲੇ ’ਚ ਸਕਿਊਰਿਟੀਜ਼ ਅਪੀਲ ਟ੍ਰਿਬਿਊਨਲ (ਸੈਟ) ਦੇ ਹੁਕਮ ਖ਼ਿਲਾਫ਼ ਸੇਬੀ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਦਰਅਸਲ ਨਵੰਬਰ 2007 ’ਚ ਤਤਕਾਲੀ ਰਿਲਾਇੰਸ ਪੈਟਰੋਲੀਅਮ ਲਿਮਟਿਡ ਦੇ ਸ਼ੇਅਰਾਂ ’ਚ ਕਥਿਤ ਹੇਰਾਫੇਰੀ ਨਾਲ ਜੁੜੇ ਮਾਮਲੇ ’ਚ ਸੇਬੀ ਨੇ ਅੰਬਾਨੀ ਅਤੇ ਦੋ ਹੋਰ ਧਿਰਾਂ ’ਤੇ ਜੁਰਮਾਨਾ ਲਗਾਇਆ ਸੀ ਜਿਸ ਨੂੰ ਸੈਟ ਨੇ ਖਾਰਜ ਕਰ ਦਿੱਤਾ ਸੀ। ਇਸ ਖ਼ਿਲਾਫ਼ ਸੇਬੀ ਨੇ ਸੁਪਰੀਮ ਕੋਰਟ ’ਚ ਅਪੀਲ ਦਾਖ਼ਲ ਕੀਤੀ ਸੀ। ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਆਰ ਮਹਾਦੇਵਨ ਦੇ ਬੈਂਚ ਨੇ ਕਿਹਾ ਕਿ ਉਹ ਸੈਟ ਦੇ ਹੁਕਮ ’ਚ ਦਖ਼ਲ ਨਹੀਂ ਦੇਣਾ ਚਾਹੁੰਦੇ ਹਨ। ਬੈਂਚ ਨੇ ਕਿਹਾ ਕਿ ਇੰਜ ਕਿਸੇ ਵਿਅਕਤੀ ਦਾ ਸਾਲਾਂ ਤੱਕ ਪਿੱਛਾ ਨਹੀਂ ਕੀਤਾ ਜਾ ਸਕਦਾ ਹੈ। ਸੇਬੀ ਨੇ ਪਿਛਲੇ ਸਾਲ ਦੇ ਹੁਕਮਾਂ ਖ਼ਿਲਾਫ਼ ਅਦਾਲਤ ਦਾ ਰੁਖ਼ ਕੀਤਾ ਸੀ। -ਪੀਟੀਆਈ